ਤੰਦਾ ਤੋਂ ਮੁਨਕਰ ਕਿਰਦਾਰਾਂ ਦੇ 'ਦਰਦਾਂ ਵਾਲਾ ਦੇਸ਼'

ਤੰਦਾ ਤੋਂ ਮੁਨਕਰ ਕਿਰਦਾਰਾਂ ਦੇ ‘ਦਰਦਾਂ ਵਾਲਾ ਦੇਸ਼’

~ ਹਰਪ੍ਰੀਤ ਸਿੰਘ ਕਾਹਲੋਂ

ਤੰਦਾ ਤੋਂ ਮੁਨਕਰ ਕਿਰਦਾਰਾਂ ਦੇ ‘ਦਰਦਾਂ ਵਾਲਾ ਦੇਸ਼’

ਮੈਂ ਕੋਣ ਹਾਂ ?
ਜੇ ਮੇਰੇ ‘ਚੋਂ ਮੇਰੀ ਜ਼ੁਬਾਨ, ਮਿੱਟੀ ਨਾਲ ਰਿਸ਼ਤਾ, ਧਰਮ, ਪੁਰਖਿਆਂ ਦਾ ਇਤਿਹਾਸ ਅਤੇ ਉਸ ਇਤਿਹਾਸ ਨਾਲ ਮੇਰਾ ਨਾਤਾ ਕੱਢ ਦਿੱਤਾ ਜਾਵੇ ਤਾਂ ਕੁੱਲ ਜਮ੍ਹਾਂ ਬਾਕੀ ਬਕਾਇਆ ਕੀ ਬੱਚਦਾ ਹੈ ਆਖਰ ?

ਫੇਰ ਵਿਸਾਖੀ ਦਾ ਮਨਾਉਣਾ ਵੀ ਕੀ ਹੈ
ਅਤੇ ਦਿਵਾਲੀ ਦੇ ਦੀਵੇ ਵੀ ਕੀ ਹਨ ?
ਪੋਹ ਦੀ ਸ਼ਾਹਦਤ ਨਾਲ ਸਾਡਾ ਰਿਸ਼ਤਾ ਕੀ ਹੈ
ਅਤੇ ਉਹਨਾਂ ਫੋਟੋਆਂ ਨੂੰ ਵੇਖ ਚਾਚੇ ਬਸ਼ੀਰ,ਬਾਪੂ ਗੰਡਾ ਸਿੰਘ ਤੇ ਰਾਮਦੀਨ ਦੀ ਸਾਂਝ ਵੀ ਕੀ ਹੈ ?

ਜੇ ਇਹ ਨੋਸਟੋਲਜੀਆ ਇੱਕ ਹੇਰਵਾ ਹੈ ਤਾਂ ਸਾਡਾ ਅੱਜ ਵੀ ਕੀ ਹੈ ਅਤੇ ਭਵਿਖ ਨੂੰ ਵੇਖਣਾ ਜਾਂ ਉਸ ਲਈ ਆਸਵੰਦ ਹੋਣਾ ਵੀ ਕੀ ਹੈ ?
ਜੇ ਜਜ਼ਬਾਤ ਇੱਕ ਸ਼ੁਦਾ ਹੈ ਤਾਂ ਫਿਰ ਰਿਸ਼ਤਿਆਂ ਦਾ ਹੋਣਾ ਵੀ ਕੀ ਹੈ ?

47 ਦੀ ਵੰਡ ਕੀ ਹੈ? ਅਤੇ ਉਸੇ ‘ਚੋਂ ਸਾਡੇ ਬਾਬੇ ਲਾਹੌਰ,ਚਾਵੜੀ ਬਜ਼ਾਰ,ਰਾਵਲਪਿੰਡੀ,ਚਾਂਦਨੀ ਚੌਂਕ ਨੂੰ ਯਾਦ ਕਰਦੇ ਮਰ ਗਏ ਜਾਂ ਮਰ ਜਾਣਾ ਏ ਇੱਕ ਦਿਨ,ਆਖਰ ਇਹ ਦਰਦ ਕੀ ਹੈ ?
ਫਿਰ ਜਿਲ੍ਹਿਆਂ ਵਾਲੇ ਬਾਗ ਜਾਣਾ ਵੀ ਕੀ ਹੈ ? ਅਤੇ ਭਗਤ ਸਿੰਘ ਦੇ ਖਟਕੜ ਕਲਾਂ ਵਾਲੇ ਘਰ ਨੂੰ ਵੇਖਣਾ ਵੀ ਕੀ ਹੈ ?

ਘੱਟੋ ਘੱਟ ਭਾਵਨਾਵਹੀਨ ਮੁਨਕਰ ਆਦਮ ਮੈਂ ਤਾਂ ਨਹੀਂ ਹੋ ਸਕਦਾ। ਮੇਰੀ ਤੰਦ ਮੇਰੇ ਅਤੀਤ ਨਾਲ ਹੀ ਉਹ ਤੰਦ ਹੈ ਜੋ ਮੇਰੇ ਜਿਉਂਦੇ ਹੋਣ ਦੇ ਪੂਰਨੇ ਪਾਉਂਦਾ ਹੈ। ਸਾਡੇ ਦਾਦੇ ਨੇ ਜੋ ਕਦਰਾਂ ਕੀਮਤਾਂ ਸਿੱਖੀਆਂ ਅਤੇ ਉਹ ਜੋ ਅਸਾਂ ਤੱਕ ਪਹੁੰਚਈਆਂ ਉਹ ਸਾਡੇ ਪਰਿਵਾਰ ਦੀ ਕਦਰਾਂ ਕੀਮਤਾਂ ਦੀ ਵਿਰਾਸਤ ਦੇ ਹੇਰਵੇ ‘ਚੋਂ ਹੀ ਸਿੱਖੀ ਗਈ ਹੈ।

ਫਿਲਮ ਓਸ਼ੀਅਨ ਆਫ ਪਰਲ ਦਾ ਸੰਵਾਦ ਹੈ :-
ਮੈਂ ਮਰ ਜਾਵਾਂ ਇਹ ਮੌਤ ਨਹੀਂ
ਮੇਰੀ ਆਤਮਾ ਮਰ ਜਾਵੇ ਅਸਲ ਮੌਤ ਹੈ

ਇਸੇ ਵਜੂਦ ਨੂੰ ਅੰਨ੍ਹੇ ਘੋੜੇ ਦਾ ਦਾਨ ਫਿਲਮ ਦਾ ਪਾਤਰ ਇੰਝ ਕਹਿੰਦਾ ਹੈ :-
ਕਹਿੰਦੇ ਨੇ ਆਤਮਾ ਮਰਦੀ ਨਹੀਂ
ਜੇ ਆਤਮਾ ਮਰਦੀ ਨਹੀਂ
ਤਾਂ ਫਿਰ ਮੌਤ ਕੀ ਹੋਈ ?

ਜੁੰਪਾ ਲਹਿੜੀ ਆਪਣੇ ਨਾਵਲ ‘ਦੀ ਨੇਮਸੇਕ’ ‘ਚ ਵੀ ਇਹੋ ਤਲਾਸ਼ ਕਰਦੀ ਹੈ। ਇਸ ਨਾਵਲ ਦੇ ਕਿਰਦਾਰ ਅਸ਼ੋਕ ਅਤੇ ਆਸ਼ਿਮਾ ਗਾਂਗੁਲੀ ਦਾ ਆਪਣੇ ਮੁੰਡੇ ਨਿਖਿਲ ਗੋਗੁਲ ਗਾਂਗੁਲੀ ਨਾਲ ਅਮਰੀਕਾ ‘ਚ ਬੰਗਾਲ ਨੂੰ ਲੱਭਣਾ ਉਸੇ ਜੜ੍ਹਾਂ ਦਾ ਸੰਵਾਦ ਹੈ ਜਿਸ ਨਾਲ ਪੀੜ੍ਹੀ ਦਰ ਪੀੜ੍ਹੀ ਅਸੀ ਆਪਣੇ ਪੁਰਖਿਆਂ ਨਾਲ ਗੱਲਾਂ ਕਰਦੇ ਹਾਂ।

ਜੁੰਪਾ ਦੇ ਨਾਵਲ ਦਾ ਪਾਤਰ ਆਪਣੇ ਮੁੰਡੇ ਦਾ ਨਾਮ ਯੁਕਰੇਨ ਦੇ ਲੇਖਕ ਨਿਕੋਲਾਈ ਗੋਗੁਲ ਦੇ ਨਾਮ ਤੋਂ ਰੱਖਦਾ ਹੈ। ਨਾਵਲ ਦਾ ਜਿਹੜਾ ਗਾਂਗੁਲੀ ਅਮਰੀਕਾ ‘ਚ ਇੱਕਲਾ ਪਿਆ ਹੋਇਆ ਹੈ ਉਹੋ ਜਦੋਂ ਆਪਣੇ ਪਿਤਾ ਦੇ ਫੁੱਲ ਤਾਰਨ ਕੋਲਕਾਤਾ ਹੁਗਲੀ ਨਦੀ ‘ਤੇ ਆਉਂਦਾ ਹੈ ਤਾਂ ਉਹਨੂੰ ਪੱਛਮੀ ਬੰਗਾਲ ‘ਚ ਗਾਂਗੁਲੀ ਸਰਨੇਮ ਦੇ ਕਿੰਨੇ ਲੋਕ ਵਿਖਾਈ ਦਿੰਦੇ ਹਨ।

ਸੋ ਪੂਰੀ ਦੁਨੀਆਂ ਦੇ ਜਿਉਂਦੇ ਜਾਗਦੇ ਲੋਕ ਤਾਂ ਆਪਣੀ ਸਾਂਝ ਇਸੇ ਹੇਰਵੇ ਤੋਂ ਤਰਾਸ਼ਦੇ ਹਨ । ਇਹੋ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਕਰਕੇ ਮੁੱਖ ਮੰਤਰੀ ਪੰਜਾਬ ਦਫ਼ਤਰ ਨਾਲ ਲੋਕ ਮਨਾਂ ਵਿਚ ਨਰਾਜ਼ਗੀ ਪੈਦਾ ਹੁੰਦੀ ਹੈ। ਇਹੋ ਤੜਪ ਦੀ ਬਲੈਕ ਪ੍ਰਿੰਸ ਫਿਲਮ ਵੇਖਣ ਵੇਲੇ ਜਿਓਂਦੇ ਜਾਗਦੇ ਮਹਿਸੂਸ ਕਰਦੇ ਸਨ। ਅਜਿਹੀ ਕਿਤੇ ਵੀ ਹਿਲ ਜੁਲ ਹੁੰਦੀ ਹੈ ਤਾਂ ਅਜਿਹੀਆਂ ਗੱਲਾਂ ਫਿਰ ਸਾਹਮਣੇ ਆਉਂਦੀਆਂ ਹਨ।

ਚੰਡੀਗੜ੍ਹ ਦਾ ਫ਼ਿਕਰ ਕਰਦਿਆਂ ਸੂਬਾ ਸਰਕਾਰ ਪੰਜਾਬ ਇਸ ਗੱਲ ਵੱਲ ਵੀ ਧਿਆਨ ਦੇਵੇ। ਪੰਜਾਬ ਵਿਧਾਨ ਸਭਾ ਦੇ ਨੇੜੇ ਪੰਜਾਬ ਦੇ ਪਿੰਡਾਂ ਦਾ ਬੁਨਿਆਦੀ ਢਾਂਚਾ ਤਾਂ ਵੇਖੋ। ਤੁਸੀਂ ਚੰਡੀਗੜ੍ਹ ਨਾਲ ਲੱਗਦੇ ਪਿੰਡਾਂ ਨੂੰ ਕਿਵੇਂ ਬੇਗਾਨਾ ਕਰ ਦਿੱਤਾ ਹੈ। ਪਿੰਡ ਵਾਸੀਆਂ ਮੁਤਾਬਕ ਕੋਈ ਆਪਣਾ ਕੰਮ ਸ਼ੁਰੂ ਕਰੀਏ,ਉਸਾਰੀ ਕਰੀਏ ਤਾਂ ਕਾਨੂੰਨੀ ਝਮੇਲਿਆਂ ਦਾ ਹੜ੍ਹ ਹੈ।

ਦੂਜੇ ਪਾਸੇ ਬੁਨਿਆਦੀ ਢਾਂਚੇ ਤੋਂ ਪਰ੍ਹਾਂ ਵੱਡੀ ਜਦੋਜਹਿਦ ਇਹ ਵੀ ਹੈ। ਤਿੱਬਤ ਵਾਲਿਆਂ ਦੇ ਦਿਲ ‘ਚ ਉਹ ਤਿੱਬਤ ਦੇਸ਼ ਹੈ ਜੀਹਦਾ ਹੁਣ ਕਿਸੇ ਵੀ ਤਰ੍ਹਾਂ ਦਾ ਅਜ਼ਾਦ ਦੇਸ਼ ਵਾਲਾ ਵਜੂਦ ਨਹੀਂ ਹੈ। ਫਿਰ ਕੀ ਅਸੀ ਤਿੱਬਤ ਵਾਲਿਆਂ ਦੇ ਦਰਦ ਨੂੰ ਮੂਰਖਾਂ ਦਾ ਦਰਦ ਮੰਨ ਲਈਏ ?

ਇਹ ਹੱਕ ਸਾਨੂੰ ਨਹੀਂ। ਇਸੇ ਦਰਦ ਦੇ ਵਿਲਕਦੇ ਸਾਡੇ ਬਾਬੇ ਦੇਸ਼ ਪੰਜਾਬ ਦੀਆਂ ਗੱਲਾਂ ਕਰਦੇ ਮਰ ਗਏ।ਉਹਨਾਂ ਦੀ ਨਜ਼ਰ ‘ਚ ਲਾਹੌਰ ਮੁਲਤਾਨ ਦੀਆਂ ਗੱਲਾਂ ਬੇਬੁਨਿਆਦ ਕਿਵੇਂ ਹੋ ਸਕਦੀਆਂ ਹਨ ਜਦੋਂ ਕਿ ਸੱਚ ਹੈ ਕਿ ਭੂਗੋਲਿਕ ਪੱਧਰ ‘ਤੇ ਹੁਣ ਵਜੂਦ ਭਾਰਤ ਪਾਕਿਸਤਾਨ ਦਾ ਹੈ ਪਰ ਚੇਤਨਾ ਦੀ ਗਵਾਹੀ ਵੀ ਮਾਇਨੇ ਰੱਖਦੀ ਹੈ।

ਜੋ ਸਾਡੇ ਬਾਬਿਆਂ ਨੇ ਗਵਾਇਆਂ ਅਸੀ ਉਹਨੂੰ ਸਿਰਫ ਇਸ ਕਰਕੇ ਨਾ ਸਮਝੀਏ ਕਿ ਅਸੀ ਉਹੋ ਵੇਲਾ ਵੇਖਿਆ ਹੀ ਨਹੀਂ ! ਇਹ ਉਹਨਾਂ ਦੇ ਜਜ਼ਬਾਤ ਦਾ ਘਾਣ ਹੈ।

ਅਸੀ ਹੁਣ ਦੇ ਹਿਸਾਬ ਨਾਲ ਵਰਤਾਰਾ ਕਰ ਜਾਂਦੇ ਹਾਂ ਪਰ ਕੱਲ੍ਹ ਕੀ ਹੈ ਕੋਣ ਕਹੇਗਾ ਜਾਂ ਦੱਸ ਸਕਦਾ ਹੈ।ਵੋਲਗਾ ਤੋਂ ਗੰਗਾ ‘ਚ ਰਾਹੁਲ ਸਾਂਕਰਤਿਆਇਨ ਇੱਕ ਗੱਲ ਬਹੁਤ ਕਮਾਲ ਕਰਦਾ ਹੈ।ਇਹ ਗੱਲ ਉਹਦੀ ਕਿਤਾਬ ਵਿਚਲੀ ਉਹਦੀ ਆਖਰੀ ਕਹਾਣੀ ‘ਸੁਮੇਰ’- 1942 ਈਸਵੀ ‘ਚ ਹੈ।

“ਭਾਰਤ ਦਾ ਖੰਡਤ ਜਾਂ ਅਖੰਡਤ ਰਹਿਣਾ ਉਹਦੇ ਵਾਸੀਆਂ ਉੱਤੇ ਨਿਰਭਰ ਏ।ਮੋਰੀਆ ਦੇ ਸਮੇਂ ਹਿੰਦੂਕੁਸ਼ ਤੋਂ ਅਗਾਂਹ ਆਮੂ ਦਰਿਆ ਭਾਰਤ ਦੀ ਹੱਦ ਸੀ ਤੇ ਭਾਸ਼ਾ-ਰੀਤੀ-ਰਿਵਾਜ਼ ਇਤਿਹਾਸ ਦੇ ਨਜ਼ਰੀਏ ਤੋਂ ਅਫ਼ਗਾਨ ਜਾਤੀ (ਪਠਾਣ) ਭਾਰਤ ਦੇ ਅੰਦਰ ਏ।ਦੱਸਵੀਂ ਸਦੀ ਤੱਕ ਕਾਬੁਲ ਹਿੰਦੂ ਰਾਜ ਰਿਹੈ,ਇਸ ਤਰ੍ਹਾਂ ਹਿੰਦੂਸਤਾਨ ਦੀ ਹੱਦ ਹਿੰਦੂਕੁਸ਼ ਏ।

ਭਲਾ ਅਖੰਡ ਹਿੰਦੂਸਤਾਨ ਵਾਲੇ ਹਿੰਦੂਕੁਸ਼ ਤੱਕ ਦਾਅਵਾ ਕਰਨ ਲਈ ਤਿਆਰ ਨੇ ? ਜੇ ਅਫ਼ਗਾਨ ਦੀ ਇੱਛਾ ਦੇ ਵਿਰੁਧ ਨਾ ਕਹੋ,ਤਾਂ ਸਿੰਧੂ ਦੇ ਪੱਛਮ ਵੱਲ ਵੱਸਣ ਵਾਲੇ ਸਰਹੱਦੀ ਅਫ਼ਗਾਨਾਂ ਨੂੰ ਵੀ ਉਹਨਾਂ ਦੀ ਇੱਛਾ ਦੇ ਵਿਰੁੱਧ ਅਖੰਡ ਹਿੰਦੂਸਤਾਨ ਵਿੱਚ ਨਹੀਂ ਰੱਖਿਆ ਜਾ ਸਕਦਾ।ਫਿਰ ਉਹੀ ਗੱਲ ਸਿੰਧੂ,ਪੰਜਾਬ,ਕਸ਼ਮੀਰ,ਪੂਰਬੀ ਬੰਗਾਲ ਵਿੱਚ ਕਿਉਂ ਨਹੀਂ ਹੋਣੀ ਚਾਹੀਦੀ।”

ਪੰਜਾਬੀ ਦੇ ਸ਼ਾਇਰ ਪ੍ਰੋ .ਕੁਲਵੰਤ ਸਿੰਘ ਗਰੇਵਾਲ ਦੀ ਇੱਕ ਰਚਨਾ ਹੈ
ਪੰਜਾਬ ਨਾ ਸੀਮਾ ਨਾ ਅਸੀਮ
ਪੰਜਾਬ ਤਕਸੀਮ ਦਰ ਤਕਸੀਮ ਦਰ ਤਕਸੀਮ

ਇਸ ਨੁਕਤੇ ਨੂੰ ਮੈਂ ਸਮਝ ਸਕਦਾ ਹਾਂ ਕਿਉਂ ਕਿ ਮੇਰੇ ਵਡੇਰੇ ਲਾਇਲਪੁਰੋਂ ਇੱਧਰ ਆਏ।ਮੇਰੇ ਬੁਜ਼ਰਗਾਂ ਦੀਆਂ ਗੱਲਾਂ ‘ਚ ਨਾ ਮੁੱਕਣ ਵਾਲਾ ਰੁਦਣ ਰਿਹਾ ਹੈ ਸਾਰੀ ਉੱਮਰ…

ਉਹਨਾਂ ਕਹਿਣਾ ਸਾਡੇ ਲਾਹੌਰ ‘ਚ ਆਹ ਗੱਲ,ਸਾਡੇ ਬਾਰ ਦੇ ਇਲਾਕੇ ‘ਚ ਫਲਾਣੀ ਗੱਲ ਆਦਿ ਆਦਿ

ਕਹਿੰਦੇ ਨੇ ਜਿਹੜੀ ਥਾਂ ਨਾਲ ਤੁਹਾਡੀ ਜੜ੍ਹਾਂ ਦਾ ਨਾਤਾ ਹੁੰਦਾ ਹੈ ਉਹ ਥਾਂ ਤੁਹਾਡੇ ਅੰਦਰ ਵੱਸ ਜਾਂਦੀ ਹੈ।ਉਹਨਾਂ ਨੂੰ ਅਸੀ ਕਿਵੇਂ ਕੱਢੀਏ ?

ਬੇਸ਼ੱਕ ਦੇਸ਼ ਪੰਜਾਬ ਦਾ ਭੂਗੋਲਿਕ ਕੋਈ ਵਜੂਦ ਨਾ ਹੋਵੇ ਅਤੇ ਇਸ ਦੌਰ ਦੇ ਸਮੀਕਰਣਾਂ ‘ਚ ਇਹ ਲਾਹੇਵੰਦ ਵੀ ਨਾ ਹੋਵੇ ਪਰ ਲੋਕਾਂ ਦਾ ਆਪਣੀ ਜਨਮ ਭੁੰਇ ਤੋਂ ਉਜੜਨਾ ? ਕੀ ਇਸ ਤੋਂ ਵੱਡਾ ਘਾਣ ਹੁੰਦਾ ਹੈ ਕੋਈ ?

ਸਾਡੀ ਅਰਦਾਸ ‘ਚ ਨਨਕਾਣਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਚਾਹ ਹੈ।ਇਹ ਉਮੀਦ ਸਾਡੇ ਦਰਦ ‘ਚੋਂ ਨਿਕਲੀ ਹੈ। ਇਹਨੂੰ ਕੋਈ ਰਾਸ਼ਟਰਵਾਦ ਦੇ ਦਾਇਰੇ ‘ਚ ਰੱਖ ਸਾਨੂੰ ਕੋਈ ਐਂਟੀ ਨੈਸ਼ਨਲ ਕਹਿ ਦੇਵੇ ਤਾਂ ਇਹ ਉਹਦੀ ਆਪਣੀ ਅਕਲ ਹੈ ਪਰ ਨਨਕਾਣਾ ਸਾਹਿਬ ਨੂੰ ਲੈਕੇ ਸਾਡਾ ਆਪਣੀ ਜ਼ਮੀਨ ਤੋਂ ਵਿਛੜਣ ਦਾ ਰੁਦਣ ਹੀ ਤਾਂ ਹੈ

ਅਜਿਹੇ ਰੁਦਣ ਨਾਲ ਕੌਮਾਂ ਜਿੱਥੇ ਜਿੱਥੇ ਵੀ ਆਪਣੀ ਉਮੀਦ ਦੇ ਗੀਤ ਗਾਉਂਦੀਆਂ ਹਨ ਸਾਂਝ ਉਹਨਾਂ ਨਾਲ ਸਦਾ ਰਹੇਗੀ।ਜਿਹੜੇ ਕਸ਼ਮੀਰੀ ਪੰਡਿਤ ਆਪਣੀ ਧਰਤੀ ਤੋਂ ਵਿਛੜ ਗਏ ਅਸੀ ਉਹਨਾਂ ਦੇ ਦਰਦ ਨੂੰ ਅੱਖੋ ਪਰੋਖੇ ਕਰ ਸਕਦੇ ਹਾਂ ?

ਇਹ ਦੌਰ ਬਰਲਿਨ ਦੀਆਂ ਟੁੱਟਦੀਆਂ ਕੰਧਾਂ ਦੇ ਹਵਾਲੇ ਵੇਖਣ ਦਾ ਹੈ। ਉਮੀਦ ਹੈ ਤਾਂ ਪੰਛੀ ਘਰਾਂ ਨੂੰ ਪਰਤਦੇ ਜ਼ਰੂਰ ਹਨ।

ਅੰਤ ਵਿੱਚ ਮੈਂ ਇਹੋ ਕਹਿਣਾ ਹੈ ਕਿ ਮਹਾਰਾਜਾ ਦਲੀਪ ਸਿੰਘ ਦੀ ਦਾਸਤਾਨ ਜੋ ਪਰਦਾਪੇਸ਼ ਹੁੰਦੀ ਹੈ ਉਸ ਨਾਲ ਅਸੀ ਜੁੜਦੇ ਹਾਂ ਕਿਉਂਕਿ ਉਹਦਾ ਬਿਆਨ ਇਹੋ ਹੈ ਕਿ ਇਤਿਹਾਸ ਦੀ ਇੱਕ ਵੱਡੀ ਤਾਕਤ ਨੇ ਉਸ ਬੱਚੇ ਨਾਲ ਜੋ ਕੀਤਾ ਉਸ ‘ਚ ਉਹਦੀ ਮਿੱਟੀ ਉਹਨੂੰ ਨਸੀਬ ਨਾ ਹੋਈ।

ਉਹਦਾ ਧਰਮ,ਉਹਦੇ ਰਿਸ਼ਤੇ ਉਸ ਤੋਂ ਵੱਖ ਕਰ ਦਿੱਤੇ ਗਏ।ਬੰਦੇ ਦਾ ਜਿਊਣਾ ਸਿਰਫ ਖਾਣਾ ਪੀਣਾ ਸੋਣਾ ਤਾਂ ਨਹੀਂ ਹੁੰਦਾ। ਬੰਦੇ ਦਾ ਇੱਕ ਵਜੂਦ ਹੈ ਅਤੇ ਉਸ ਵਜੂਦ ਦਾ ਦਰਦ ਇਤਿਹਾਸ ਦੀ ਤਾਰੀਖ਼ ਦਾ ਵੱਡਾ ਮੋੜ ਹੈ।

ਇਤਿਹਾਸ ਦੀ ਇੱਕ ਪਰਿਭਾਸ਼ਾ ਹੈ :- Every History is an Autobiography
ਸੋ ਜੇ ਇਸ ਤੋਂ ਵੀ ਮੁਨਕਰ ਹੋਣਾ ਹੈ ਤਾਂ ਤੁਹਾਡੀ ਕਹਾਣੀ ਵੀ ਕਦੀ ਨਹੀਂ ਕਹੀ ਜਾਵੇਗੀ।

 

Scroll to Top