ਪਾਕਿਸਤਾਨ ਸ਼ੀਆ ਮਸਜਿਦ ‘ਚ ਹੋਇਆ ਬੰਬ ਧਮਾਕਾ (bomb blast) , 57 ਦੀ ਮੌਤ 200 ਲੋਕ ਹੋਏ ਜਖਮੀਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਸ਼ੀਆ ਮਸਜਿਦ ਵਿੱਚ ਇੱਕ ਸ਼ਕਤੀਸ਼ਾਲੀ ਆਤਮਘਾਤੀ ਬੰਬ ਧਮਾਕੇ ਵਿੱਚ ਘੱਟੋ-ਘੱਟ 57 ਲੋਕ ਮਾਰੇ ਗਏ ਅਤੇ ਲਗਭਗ 200 ਜ਼ਖਮੀ ਹੋ ਗਏ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਅਸ਼ਾਂਤ ਸੂਬੇ ਵਿੱਚ ਇਹ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਹੈ। ਇਹ ਧਮਾਕਾ ਕਿਸਾ ਖਵਾਨੀ ਬਾਜ਼ਾਰ ਨੇੜੇ ਇਮਾਮਬਾਰਗਾਹ ‘ਚ ਉਸ ਸਮੇਂ ਹੋਇਆ ਜਦੋਂ ਲੋਕ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰ ਰਹੇ ਸਨ। ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪੇਸ਼ਾਵਰ ‘ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ISIS (ਇਸਲਾਮਿਕ ਸਟੇਟ) ਨੇ ਲਈ ਹੈ।
ਪਰ ਇਸਲਾਮਿਕ ਸਟੇਟ ਅਤੇ ਕੱਟੜਪੰਥੀ ਅੱਤਵਾਦੀ ਸਮੂਹਾਂ ਨੇ ਪਿਛਲੇ ਸਮੇਂ ਵਿੱਚ ਸ਼ੀਆ ਭਾਈਚਾਰੇ ‘ਤੇ ਹੋਏ ਘਾਤਕ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਲੇਡੀ ਰੀਡਿੰਗ ਹਸਪਤਾਲ (ਐੱਲ.ਐੱਚ.ਆਰ.) ਦੇ ਬੁਲਾਰੇ ਆਸਿਮ ਖਾਨ ਨੇ ਪੁਸ਼ਟੀ ਕੀਤੀ ਕਿ ਧਮਾਕੇ ‘ਚ ਘੱਟੋ-ਘੱਟ 56 ਲੋਕ ਮਾਰੇ ਗਏ ਅਤੇ 194 ਜ਼ਖਮੀ ਹੋਏ ਹਨ। ਇਕ ਚਸ਼ਮਦੀਦ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਕਾਲੇ ਕੱਪੜੇ ਪਹਿਨੇ ਹੋਏ ਸਨ ਅਤੇ ਜਿਵੇਂ ਹੀ ਉਹ ਮਸਜਿਦ ਵਿਚ ਦਾਖਲ ਹੋਇਆ, ਉਸਨੇ ਪਹਿਲਾਂ ਸੁਰੱਖਿਆ ਕਰਮਚਾਰੀਆਂ ਨੂੰ ਗੋਲੀ ਮਾਰ ਦਿੱਤੀ ਅਤੇ ਫਿਰ ਪੰਜ-ਛੇ ਗੋਲੀਆਂ ਚਲਾਈਆਂ। ਚਸ਼ਮਦੀਦ ਨੇ ਜੀਓ ਨਿਊਜ਼ ਨੂੰ ਦੱਸਿਆ, “ਇਸ ਤੋਂ ਬਾਅਦ, ਉਹ (ਮਸਜਿਦ) ਦੇ ਮੁੱਖ ਹਾਲ ਵਿੱਚ ਆਇਆ ਅਤੇ ਮਿੰਬਰ (ਉਹ ਜਗ੍ਹਾ ਜਿੱਥੇ ਇਮਾਮ ਬੈਠਦਾ ਹੈ ਅਤੇ ਬਿਆਨ ਦਿੰਦਾ ਹੈ) ਦੇ ਸਾਹਮਣੇ ਆਪਣੇ ਆਪ ਨੂੰ ਉਡਾ ਲਿਆ।
ਅੱਤਵਾਦੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ
ਇਸ ਤੋਂ ਬਾਅਦ ਉਥੇ ਲਾਸ਼ਾਂ ਅਤੇ ਜ਼ਖਮੀ ਲੋਕ ਪਏ ਹੋਏ ਸਨ।” ਖੈਬਰ ਪਖਤੂਨਖਵਾ ਸਰਕਾਰ ਦੇ ਬੁਲਾਰੇ ਬੈਰਿਸਟਰ ਮੁਹੰਮਦ ਅਲੀ ਸੈਫ ਨੇ ਕਿਹਾ ਕਿ ਇਹ ਧਮਾਕਾ ਆਤਮਘਾਤੀ ਹਮਲਾ ਸੀ ਅਤੇ ਇਸ ਹਮਲੇ ਵਿਚ ਦੋ ਅੱਤਵਾਦੀ ਸ਼ਾਮਲ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਸ਼ਾਵਰ ਦੇ ਸੀਨੀਅਰ ਪੁਲਿਸ ਕਪਤਾਨ (ਆਪ੍ਰੇਸ਼ਨ) ਹਾਰੂਨ ਰਾਸ਼ਿਦ ਖਾਨ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਉਨ੍ਹਾਂ ਕਿਹਾ ਕਿ ਦੋ ਹਮਲਾਵਰ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਆਤਮਘਾਤੀ ਸੀ। ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀ) ਐਮਜੇ ਅੰਸਾਰੀ ਨੇ ਦੱਸਿਆ ਕਿ ਮਸਜਿਦ ਵਿੱਚ ਦਾਖ਼ਲ ਹੋਣ ਤੋਂ ਬਾਅਦ ਅੱਤਵਾਦੀ ਨੇ ਪਹਿਲਾਂ ਨਮਾਜ਼ੀਆਂ ‘ਤੇ ਗੋਲੀਬਾਰੀ ਕੀਤੀ ਅਤੇ ਫਿਰ ਖ਼ੁਦ ਨੂੰ ਉਡਾ ਲਿਆ। ਉਨ੍ਹਾਂ ਦੱਸਿਆ ਕਿ ਮਸਜਿਦ ਦੀ ਤੀਜੀ ਕਤਾਰ ਵਿੱਚ ਹੋਏ ਧਮਾਕੇ ਵਿੱਚ ਪੰਜ-ਛੇ ਕਿਲੋਗ੍ਰਾਮ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ।
ਗੋਲੀਬਾਰੀ ਤੋਂ ਬਾਅਦ ਧਮਾਕਾ
ਹਸਪਤਾਲ ‘ਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਅਤੇ ਛੁੱਟੀ ‘ਤੇ ਗਏ ਡਾਕਟਰਾਂ ਨੂੰ ਡਿਊਟੀ ‘ਤੇ ਬੁਲਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਜਧਾਨੀ ਪੇਸ਼ਾਵਰ ਦੇ ਇੱਕ ਪੁਲਿਸ ਅਧਿਕਾਰੀ ਏਜਾਜ਼ ਅਹਿਸਾਨ ਨੇ ਦੱਸਿਆ ਕਿ ਦੋ ਹਮਲਾਵਰਾਂ ਨੇ ਮਸਜਿਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਇਸ ਵਿੱਚ ਇੱਕ ਪੁਲੀਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਅਹਿਸਾਨ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਧਮਾਕਾ ਹੋਇਆ। ਧਮਾਕੇ ਦੀ ਨਿੰਦਾ ਕਰਦੇ ਹੋਏ ਰਾਸ਼ਟਰਪਤੀ ਆਰਿਫ ਅਲਵੀ ਨੇ ਜਾਨੀ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ।
ਪ੍ਰਧਾਨ ਮੰਤਰੀ ਇਮਰਾਨ ਅਤੇ ਮੁੱਖ ਮੰਤਰੀ ਮਹਿਮੂਦ ਨੇ ਸਖ਼ਤ ਨਿੰਦਾ ਕੀਤੀ ਹੈ
ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਪੇਸ਼ਾਵਰ ਧਮਾਕੇ ਦੀ ਸਖਤ ਨਿੰਦਾ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਅਤੇ ਸਬੰਧਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ। ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਨੇ ਸੂਬੇ ਦੇ ਮੁੱਖ ਸਕੱਤਰ ਅਤੇ ਪੁਲਿਸ ਇੰਸਪੈਕਟਰ ਜਨਰਲ (ਆਈਜੀ) ਤੋਂ ਘਟਨਾ ਦੀ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ, “ਕਿਸੇ ਧਮਕੀ ਦੀ ਕੋਈ ਖ਼ਬਰ ਨਹੀਂ ਹੈ… ਅਸੀਂ ਕੁਝ ਦਿਨ ਪਹਿਲਾਂ ਮੀਟਿੰਗ ਕੀਤੀ ਸੀ ਪਰ ਧਮਕੀ ਬਾਰੇ ਕੋਈ ਜਾਣਕਾਰੀ ਨਹੀਂ ਸੀ।” ਧਮਾਕੇ ਦੀ ਨਿੰਦਾ ਕਰਦੇ ਹੋਏ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖਾਨ ਨੇ ਇਸ ਘਿਨਾਉਣੇ ਕਾਰੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ‘ਚ ਲਿਆਉਣ ਦੀ ਸਹੁੰ ਖਾਧੀ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ‘ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਅਣਮਨੁੱਖੀ ਅਤੇ ਜ਼ਾਲਮਾਨਾ ਕਾਰਵਾਈ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਖ਼ਮੀਆਂ ਦਾ ਵਧੀਆ ਇਲਾਜ ਯਕੀਨੀ ਬਣਾਇਆ ਜਾਵੇ।
ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ
ਉਨ੍ਹਾਂ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬੇ ‘ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਆਪਣੀ ਸਰਕਾਰੀ ਰਿਹਾਇਸ਼ ‘ਤੇ ਹੰਗਾਮੀ ਮੀਟਿੰਗ ਕੀਤੀ ਹੈ। ਪੀਐੱਮਐੱਲ-ਐੱਨ ਮੁਖੀ ਅਤੇ ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕੀਤਾ, ”ਪੇਸ਼ਾਵਰ ‘ਚ ਇਕ ਦੁਖਦਾਈ ਅੱਤਵਾਦੀ ਘਟਨਾ ਵਾਪਰੀ ਹੈ, ਜਿਸ ‘ਚ ਕਈ ਕੀਮਤੀ ਜਾਨਾਂ ਗਈਆਂ ਹਨ। ਇਸ ਬੇਰਹਿਮੀ ਦੀ ਨਿੰਦਾ ਕਰਨ ਲਈ ਸ਼ਬਦ ਨਾਕਾਫ਼ੀ ਹਨ।” “ਅੱਤਵਾਦ ਸਾਡੀ ਸਭ ਤੋਂ ਵੱਡੀ ਰਾਸ਼ਟਰੀ ਚੁਣੌਤੀ ਬਣਿਆ ਹੋਇਆ ਹੈ। ਦੁਖੀ ਪਰਿਵਾਰਾਂ ਨਾਲ ਹਮਦਰਦੀ।” ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਜੇਕਰ ਅੱਤਵਾਦ ਲਈ ਜ਼ਮੀਨ ਨੂੰ ਖਤਮ ਕਰ ਦਿੱਤਾ ਗਿਆ ਹੁੰਦਾ ਤਾਂ ਇਹ ਹਮਲਾ ਨਾ ਹੁੰਦਾ। ਉਨ੍ਹਾਂ ਦੇ ਪੁੱਤਰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਇੱਕ ਵੱਖਰੇ ਬਿਆਨ ਵਿੱਚ ਹਮਲੇ ਦੀ ਨਿੰਦਾ ਕੀਤੀ ਹੈ।