ਹਰਿਆਣਾ

ਹਰਿਆਣਾ ਸਰਕਾਰ ਦਾ ਬਜਟ ਇਜਲਾਸ ਰਾਜਪਾਲ ਬੰਡਾਰੂ ਦੇ ਸੰਬੋਧਨ ਨਾਲ ਹੋਇਆ ਸ਼ੁਰੂ

ਚੰਡੀਗੜ੍ਹ 02 ਮਾਰਚ 2022: ਅੱਜ ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ ਦਾ ਤੀਜਾ ਬਜਟ ਇਜਲਾਸ ਹੋਇਆ। ਪਹਿਲਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੇ ਸੰਬੋਧਨ ਨਾਲ ਸ਼ੁਰੂ ਹੋਇਆ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਸਭ ਤੋਂ ਪਹਿਲਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਆਜ਼ਾਦੀ ਘੁਲਾਟੀਆਂ ਦਾ ਜ਼ਿਕਰ ਵੀ ਕੀਤਾ। ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦਾ ਬਜਟ ਸੈਸ਼ਨ 2 ਤੋਂ 22 ਮਾਰਚ ਤੱਕ ਚੱਲੇਗਾ। 8 ਮਾਰਚ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਵਿੱਤ ਮੰਤਰੀ ਬਜਟ ਪੇਸ਼ ਕਰਨਗੇ। ਸੂਬੇ ਦੀ ਗੱਠਜੋੜ ਸਰਕਾਰ ਆਪਣਾ ਤੀਜਾ ਬਜਟ ਪੇਸ਼ ਕਰੇਗੀ। ਬਜਟ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਨਾਲ ਹੋਈ ।ਜਿਕਰਯੋਗ ਹੈ ਕਿ ਵਿਧਾਨ ਸਭਾ ਦੇ ਇਸ ਬਜਟ ਸੈਸ਼ਨ ‘ਚ ਕੁੱਲ 10 ਮੀਟਿੰਗਾਂ ਹੋਣਗੀਆਂ।

ਦੱਸਿਆ ਜਾ ਰਿਹਾ ਹੈ ਕਿ 3, 4 ਅਤੇ 7 ਮਾਰਚ ਨੂੰ ਰਾਜਪਾਲ ਦੇ ਸੰਬੋਧਨ ‘ਤੇ ਚਰਚਾ ਹੋਵੇਗੀ। ਜਦੋਂ ਕਿ 7 ਮਾਰਚ ਨੂੰ ਮੁੱਖ ਮੰਤਰੀ ਸੰਬੋਧਨ ‘ਤੇ ਆਪਣਾ ਜਵਾਬ ਦੇਣਗੇ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਲੋਕ ਸਭਾ ਦੀ ਤਰਜ਼ ‘ਤੇ ਵਿਧਾਨ ਸਭਾ ‘ਚ 17 ਛੁੱਟੀਆਂ ਹੋਣਗੀਆਂ। 9 ਮਾਰਚ ਤੋਂ 11 ਮਾਰਚ ਤੱਕ ਬਜਟ ਸੈਸ਼ਨ ‘ਚ ਛੁੱਟੀ ਰਹੇਗੀ। 12 ਮਾਰਚ ਅਤੇ 13 ਮਾਰਚ ਨੂੰ ਸ਼ਨੀਵਾਰ ਐਤਵਾਰ ਦੀ ਛੁੱਟੀ ਹੋਵੇਗੀ। ਬਜਟ ਦਾ ਅਧਿਐਨ ਕਰਨ ਲਈ ਵਿਧਾਇਕਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਕਮੇਟੀਆਂ ਬਜਟ ਦਾ ਅਧਿਐਨ ਕਰਕੇ ਆਪਣੇ ਸੁਝਾਅ ਦੇਣਗੀਆਂ।

ਬਜਟ 2022-23 ‘ਤੇ 14 ਤੋਂ 16 ਮਾਰਚ ਤੱਕ ਚਰਚਾ ਹੋਵੇਗੀ।17 ਮਾਰਚ ਨੂੰ ਫਿਰ ਤੋਂ ਬਜਟ ਸੈਸ਼ਨ ‘ਚ ਛੁੱਟੀ ਹੋਵੇਗੀ।18 ਤੋਂ 20 ਮਾਰਚ ਤੱਕ ਸਰਕਾਰੀ ਛੁੱਟੀ ਹੋਵੇਗੀ। ਵਿਧਾਨਕ ਕੰਮਕਾਜ 21 ਤੋਂ 22 ਮਾਰਚ ਤੱਕ ਤੈਅ ਕੀਤਾ ਗਿਆ ਹੈ। ਵਿਧਾਨ ਸਭਾ ਦਾ ਬਜਟ ਸੈਸ਼ਨ 22 ਮਾਰਚ ਨੂੰ ਸਮਾਪਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਦਾ ਇਹ ਸੈਸ਼ਨ ਲਗਭਗ 2 ਸਾਲ ਬਾਅਦ ਆਮ ਵਾਂਗ ਚੱਲੇਗਾ, ਕੋਰੋਨਾ ਕਾਰਨ ਪਿਛਲੇ 2 ਸਾਲਾਂ ਤੋਂ ਵਿਘਨ ਪਿਆ ਸੀ। ਬਜਟ ਸੈਸ਼ਨ ਦੌਰਾਨ ਇਸ ਵਾਰ ਵੀ ਵਿਜ਼ਟਰ ਗੈਲਰੀ, ਮੀਡੀਆ ਗੈਲਰੀ ਨੂੰ ਪਹਿਲਾਂ ਵਾਂਗ ਹੀ ਖੁੱਲ੍ਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਧਾਨ ਸਭਾ ਸੈਸ਼ਨ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

Scroll to Top