ਚੰਡੀਗੜ੍ਹ 17 ਫਰਵਰੀ 2022: ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਹ ਅਹੁਦਾ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਦੁਖਦਾਈ ਮੌਤ ਤੋਂ ਬਾਅਦ ਖਾਲੀ ਹੋਈ ਪੋਸਟ ਨੂੰ ਭਰਨ ਲਈ ਸਟਾਪ-ਗੈਪ ਪ੍ਰਬੰਧ ਵਜੋਂ ਹੈ। ਸੂਤਰਾਂ ਨੇ ਦੱਸਿਆ ਕਿ ਜਨਰਲ ਨਰਵਾਣੇ ਤਿੰਨਾਂ ਸੈਨਾਵਾਂ ਦੇ ਮੁਖੀਆਂ ‘ਚੋਂ ਸਭ ਤੋਂ ਸੀਨੀਅਰ ਹੋਣ ਕਾਰਨ ਉਨ੍ਹਾਂ ਨੂੰ ਕਮੇਟੀ ਦੇ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਹੈ।
ਚੀਫ਼ਸ ਆਫ਼ ਸਟਾਫ਼ ਕਮੇਟੀ ‘ਚ ਤਿੰਨਾਂ ਸੇਵਾਵਾਂ ਦੇ ਮੁਖੀ ਸ਼ਾਮਲ ਹੁੰਦੇ ਹਨ। ਸੀਡੀਐਸ ਦੇ ਅਹੁਦੇ ਦੇ ਗਠਨ ਤੋਂ ਪਹਿਲਾਂ, ਆਮ ਤੌਰ ‘ਤੇ ਤਿੰਨਾਂ ਸੇਵਾਵਾਂ ਦੇ ਸਭ ਤੋਂ ਸੀਨੀਅਰ ਮੁਖੀਆਂ ਨੂੰ ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ ਦਾ ਚਾਰਜ ਦਿੱਤਾ ਜਾਂਦਾ ਸੀ। ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ 8 ਦਸੰਬਰ ਨੂੰ ਤਾਮਿਲਨਾਡੂ ਦੇ ਕੂਨੂਰ ਜ਼ਿਲ੍ਹੇ ‘ਚ ਭਾਰਤੀ ਹਵਾਈ ਫ਼ੌਜ ਦੇ ਐਮਆਈ-17 ਵੀ5 ਹੈਲੀਕਾਪਟਰ ਹਾਦਸੇ ‘ਚ ਉਨ੍ਹਾਂ ਦੀ ਪਤਨੀ ਅਤੇ 11 ਵਿਅਕਤੀਆਂ ਦੇ ਨਾਲ ਫ਼ੌਜ ਦੇ ਜਵਾਨਾਂ ਦੀ ਮੌਤ ਹੋ ਗਈ ਸੀ |