73rd Republic Day

ਡਾ.ਭੀਮ ਰਾਓ ਅੰਬੇਦਕਰ ਵਲੋਂ ਦੇਸ਼ ਦੇ ਸੰਵਿਧਾਨ ਤਿਆਰ ਕਰਨ ਦੇ ਵੱਡਮੁੱਲੇ ਕਾਰਜ ਨੂੰ ਕੀਤਾ ਯਾਦ

ਜਲੰਧਰ 27 ਜਨਵਰੀ 2022:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੁਆਬੇ ਨੂੰ ਸ਼ਹੀਦਾਂ ਦੀ ਧਰਤੀ ਦੱਸਦਿਆਂ ਬੁੱਧਵਾਰ ਨੂੰ ਕਿਹਾ ਕਿ ਇਹ ਇਲਾਕਾ ਗਦਰ ਅਤੇ ਬੱਬਰ ਲਹਿਰਾਂ ਦਾ ਕੇਂਦਰ ਰਿਹਾ ਹੈ, ਜਿਨਾਂ ਨੇ ਬਿ੍ਰਟਿਸ਼ ਸਾਮਰਾਜ ਵਿਰੁੱਧ ਆਜ਼ਾਦੀ ਦੀ ਲੜਾਈ ਦਾ ਮੁੱਢ ਬੰਨਿਆ ਸੀ। 73ਵੇਂ ਗਣਤੰਤਰ ਦਿਵਸ (73rd Republic Day) ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਰਾਸ਼ਟਰੀ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਸੁਤੰਤਰਤਾ ਅੰਦੋਲਨ ਦੌਰਾਨ ਅਣਗਿਣਤ ਕੁਰਬਾਨੀਆਂ ਦੇਣ ਵਾਲੇ ਯੋਧੇ ਜਿਵੇਂ ਬਾਬਾ ਮਹਾਰਾਜ ਸਿੰਘ, ਬਾਬਾ ਰਾਮ ਸਿੰਘ, ਸ਼ਹੀਦ-ਏ-ਆਜਮ ਭਗਤ ਸਿੰਘ, ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਸਹੀਦ ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਚੰਨੀ ਨੇ ਕਿਹਾ, “ਇਨਾਂ ਆਜਾਦੀ ਘੁਲਾਟੀਆਂ ਨੇ ਅਨਪੜਤਾ, ਬੇਰੁਜਗਾਰੀ, ਸਮਾਜਿਕ, ਆਰਥਿਕ ਅਤੇ ਕਾਨੂੰਨੀ ਅਸਮਾਨਤਾਵਾਂ ਤੋਂ ਮੁਕਤ ਭਾਰਤ ਦੀ ਕਲਪਨਾ ਕੀਤੀ ਸੀ। ਮੈਂ ਜਲੰਧਰ ਦੀ ਪਵਿੱਤਰ ਧਰਤੀ ਤੋਂ ਦੇਸ ਭਗਤੀ ਦੇ ਜਜਬੇ ਨਾਲ ਰੰਗੇ ਇਨਾਂ ਮਹਾਨ ਸਪੂਤਾਂ ਨੂੰ ਸ਼ਰਧਾ ਅਤੇ ਸੁਹਿਰਦਤਾ ਨਾਲ ਸਿਰ ਝੁਕਾਉਂਦਾ ਹਾਂ।“ ਉਨਾਂ ਇਹ ਵੀ ਚਿਤਾਰਿਆ ਕਿ ਵਿਦੇਸੀ ਸਾਮਰਾਜ ਦੇ ਜੂਲੇ ਨੂੰ ਲਾਹੁਣ ਵਿੱਚ ਪੰਜਾਬੀਆਂ ਨੇ ਅਹਿਮ ਭੂਮਿਕਾ ਨਿਭਾਈ ਅਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ |

ਇਸੇ ਤਰਾਂ ਮੁੱਖ ਮੰਤਰੀ ਨੇ ਅਜਾਦੀ ਤੋਂ ਬਾਅਦ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਪੰਜਾਬੀਆਂ ਖਾਸ ਕਰਕੇ ਮਿਹਨਤਕਸ਼ ਤੇ ਸਿਰੜੀ ਕਿਸਾਨਾਂ ਵੱਲੋਂ ਨਿਭਾਈ ਜਾ ਰਹੀ ਵਡਮੁੱਲੀ ਸੇਵਾ ਦਾ ਵੀ ਜਿਕਰ ਕੀਤਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਾਡੇ ਦੇਸ ਨੂੰ ਅੱਗੇ ਵਧਾਉਣ ਤੇ ਆਤਮ ਨਿਰਭਰ ਬਣਾਉਣ ਵਿੱਚ ਪੰਜਾਬ ਨੇ ਰਾਸ਼ਟਰੀ ਅੰਨਭੰਡਾਰ ਵਿੱਚ 60 ਫੀਸਦੀ ਤੋਂ ਵੱਧ ਦਾ ਯੋਗਦਾਨ ਪਾ ਕੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵੱਲੋਂ ਦੇਸ਼ ਦਾ ਸੰਵਿਧਾਨ ਤਿਆਰ ਕਰਨ ਵਿੱਚ ਪਾਏ ਲਾਸਾਨੀ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਵਰਗੇ ਬਹੁ-ਸਭਿਆਚਾਰਕ ਤੇ ਵਿਭਿੰਨਤਾ ਭਰਪੂਰ ਦੇਸ਼ ਲਈ ਸੰਵਿਧਾਨ ਘੜਨਾ ਬਹੁਤ ਵੱਡਾ ਤੇ ਗੁੰਝਲਦਾਰ ਕਾਰਜ ਸੀ ਪਰ ਬਾਬਾ ਸਾਹਿਬ ਦੀਆਂ ਅਣਥੱਕ ਕੋਸਿਸਾਂ ਨੇ ਇਸ ਵਿਸਾਲ ਕੰਮ ਨੂੰ ਬੜੀ ਅਡੋਲਤਾ ਨਾਲ ਨੇਪਰੇ ਚੜਾਇਆ। ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ 2 ਸਾਲ, 11 ਮਹੀਨੇ ਅਤੇ 18 ਦਿਨ ਲੱਗੇ ਜੋ 26 ਨਵੰਬਰ 1949 ਨੂੰ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ ਨੂੰ ਸੌਂਪਿਆ ਗਿਆ ਅਤੇ ਇਸ ਤਰਾਂ 26 ਜਨਵਰੀ 1950 ਨੂੰ ਦੇਸ ਦੇ ਗਣਤੰਤਰ ਬਣਨ ਦਾ ਰਾਹ ਪੱਧਰਾ ਹੋ ਗਿਆ।

ਲੋਕਾਂ ਨੂੰ ਦੇਸ਼ ਦੇ ਵਿਕਾਸ ਦੇ ਨਿਰਵਿਘਨ ਸਫਰ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਿਆ ਜਾਵੇਗਾ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਮਾਰਚ ਪਾਸਟ ਦੀ ਅਗਵਾਈ ਆਈ.ਪੀ.ਐਸ. ਜਸਰੂਪ ਕੌਰ ਬਾਠ, ਡੀ.ਐਸ.ਪੀ. ਸਤਬੀਰ ਸਿੰਘ ਨੇ ਕੀਤੀ ਅਤੇ ਇਸ ਵਿੱਚ ਇੰਡੋ ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.), ਕਮਿਸਨਰੇਟ ਪੁਲਿਸ (ਪੁਰਸ ਅਤੇ ਮਹਿਲਾ), ਪੀ.ਆਰ.ਟੀ.ਸੀ. ਜਹਾਨ ਖੇਲਾਂ (3 ਟੁਕੜੀਆਂ), ਅਤੇ ਕਮਿਸਨਰੇਟ ਪੁਲਿਸ ਦੇ ਹੋਮ ਗਾਰਡ ਵਿੰਗ ਦੇ ਦਸਤਿਆਂ ਨੇ ਭਾਗ ਲਿਆ।
ਮੁੱਖ ਮੰਤਰੀ ਨੇ ਸਮਾਜ ਦੇ ਹਿੱਤਾਂ ਲਈ ਨਿਰਸਵਾਰਥ ਸੇਵਾਵਾਂ ਨਿਭਾਉਣ ਵਾਲੇ ਵੱਖ-ਵੱਖ ਖੇਤਰਾਂ ਦੇ 135 ਵਿਅਕਤੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਮਾਰਚ ਪਾਸਟ ਕਰਨ ਵਾਲੇ ਦਸਤੇ ਦੇ ਮੈਂਬਰਾਂ ਨੂੰ ਵੀ ਯਾਦਗਾਰੀ ਚਿੰਨ(ਮੋਮੈਂਟੋ) ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਮੰਤਰੀ ਮਹਿੰਦਰ ਸਿੰਘ ਕੇ.ਪੀ, ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਰਜਿੰਦਰ ਬੇਰੀ ਅਤੇ ਅਵਤਾਰ ਸਿੰਘ ਬਾਵਾ ਹੈਨਰੀ, ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਕਰਨੇਸ਼ ਸ਼ਰਮਾ ਹਾਜਰ ਸਨ।

Scroll to Top