Birju Maharaj

ਨਹੀਂ ਰਹੇ 83 ਸਾਲਾਂ ਦੇ ਮਸ਼ਹੂਰ ਕੱਥਕ ਸਮਰਾਟ ਬਿਰਜੂ ਮਹਾਰਾਜ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਚੰਡੀਗੜ੍ਹ, 17 ਜਨਵਰੀ 2022 : ਮਸ਼ਹੂਰ ਕੱਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦਾ ਦਿਹਾਂਤ ਹੋ ਗਿਆ ਹੈ। ਦਿਲ ਦਾ ਦੌਰਾ ਪੈਣ ਕਾਰਨ ਪਦਮ ਵਿਭੂਸ਼ਣ ਨਾਲ ਸਨਮਾਨਿਤ 83 ਸਾਲਾਂ ਬਿਰਜੂ ਮਹਾਰਾਜ ਨੇ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਆਖਰੀ ਸਾਹ ਲਏ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪੋਤੇ ਸਵਰਾਂਸ਼ ਮਿਸ਼ਰਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ। ਗਾਇਕ ਅਦਨਾਨ ਸਾਮੀ ਨੇ ਵੀ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਅਦਨਾਨ ਸਾਮੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਮਹਾਨ ਕਥਕ ਡਾਂਸਰ ਪੰਡਿਤ ਬਿਰਜੂ ਮਹਾਰਾਜ ਦੇ ਦਿਹਾਂਤ ਦੀ ਖ਼ਬਰ ਤੋਂ ਮੈਂ ਬਹੁਤ ਦੁਖੀ ਹਾਂ। ਅੱਜ ਅਸੀਂ ਕਲਾ ਦੇ ਖੇਤਰ ਵਿੱਚ ਇੱਕ ਵਿਲੱਖਣ ਸੰਸਥਾ ਗੁਆ ਦਿੱਤੀ। ਉਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ ਹੈ।

ਬਿਰਜੂ ਮਹਾਰਾਜ ਦੀ ਜੀਵਨੀ

ਲਖਨਊ ਘਰਾਣੇ ਨਾਲ ਸਬੰਧਤ ਬਿਰਜੂ ਮਹਾਰਾਜ ਦਾ ਜਨਮ 4 ਫਰਵਰੀ 1938 ਨੂੰ ਲਖਨਊ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਪੰਡਿਤ ਬ੍ਰਿਜਮੋਹਨ ਮਿਸ਼ਰਾ ਸੀ। ਕਥਕ ਡਾਂਸਰ ਹੋਣ ਦੇ ਨਾਲ-ਨਾਲ ਉਹ ਕਲਾਸੀਕਲ ਗਾਇਕ ਵੀ ਸੀ। ਬਿਰਜੂ ਮਹਾਰਾਜ ਦੇ ਪਿਤਾ ਅਤੇ ਗੁਰੂ ਅਚਨ ਮਹਾਰਾਜ, ਚਾਚਾ ਸ਼ੰਭੂ ਮਹਾਰਾਜ ਅਤੇ ਲੱਛੂ ਮਹਾਰਾਜ ਵੀ ਪ੍ਰਸਿੱਧ ਕਥਕ ਡਾਂਸਰ ਸੀ।

ਬਿਰਜੂ ਮਹਾਰਾਜ ਨੇ ਦੇਵਦਾਸ, ਡੇਢ ਇਸ਼ਕੀਆ, ਉਮਰਾਓ ਜਾਨ ਅਤੇ ਬਾਜੀ ਰਾਓ ਮਸਤਾਨੀ ਵਰਗੀਆਂ ਫਿਲਮਾਂ ਲਈ ਡਾਂਸ ਦੀ ਕੋਰੀਓਗ੍ਰਾਫੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਤਿਆਜੀਤ ਰਾਏ ਦੀ ਫਿਲਮ ‘ਸ਼ਤਰੰਜ ਕੇ ਖਿਲਾੜੀ’ ‘ਚ ਵੀ ਸੰਗੀਤ ਦਿੱਤਾ ਸੀ।

ਬਿਰਜੂ ਮਹਾਰਾਜ ਨੂੰ 1983 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਅਤੇ ਕਾਲੀਦਾਸ ਸਨਮਾਨ ਵੀ ਮਿਲ ਚੁੱਕੇ ਹਨ। ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਖੈਰਾਗੜ੍ਹ ਯੂਨੀਵਰਸਿਟੀ ਨੇ ਵੀ ਬਿਰਜੂ ਮਹਾਰਾਜ ਨੂੰ ਆਨਰੇਰੀ ਡਾਕਟਰੇਟ ਪ੍ਰਦਾਨ ਕੀਤੀ। 2012 ਵਿੱਚ ਉਨ੍ਹਾਂ ਨੂੰ ਵਿਸ਼ਵਰੂਪਮ ਫਿਲਮ ਵਿੱਚ ਡਾਂਸ ਕੋਰੀਓਗ੍ਰਾਫੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 2016 ਵਿੱਚ, ਬਾਜੀਰਾਓ ਮਸਤਾਨੀ ਦੇ ਗੀਤ ‘ਮੋਹੇ ਰੰਗ ਦੋ ਲਾਲ’ ਨੂੰ ਕੋਰੀਓਗ੍ਰਾਫੀ ਲਈ ਫਿਲਮਫੇਅਰ ਅਵਾਰਡ ਮਿਲਿਆ।

Scroll to Top