ਚੰਡੀਗੜ੍ਹ, 7 ਜਨਵਰੀ 2022 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਸੰਸਥਾਪਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ 2017 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟੈਲੀਫੋਨ ਸੰਦੇਸ਼ ਰਾਹੀਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਸੀ।
ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਸੰਦੇਸ਼ ਭੇਜ ਕੇ ਇਤਰਾਜ਼ ਜਤਾਇਆ ਸੀ ਪਰ ਹਾਈਕਮਾਂਡ ਦੇ ਕਹਿਣ ‘ਤੇ ਸਿੱਧੂ ਨੂੰ ਮੰਤਰੀ ਬਣਾਉਣਾ ਪਿਆ। ਕੈਪਟਨ ਨੇ ਇਹ ਪ੍ਰਗਟਾਵਾ ਹਲਕਾ ਸਮਾਣਾ ਵਿਖੇ ਕਾਂਗਰਸੀ ਆਗੂ ਸੁਰਿੰਦਰ ਸਿੰਘ ਖੇੜਕੀ ਨੂੰ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਕਰਨ ਮਗਰੋਂ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਸਿੱਧੂ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ ਤਾਂ ਬੇਸ਼ੱਕ ਉਨ੍ਹਾਂ ਨੂੰ ਇੱਕ ਸਾਲ ਬਾਅਦ ਹਟਾ ਦਿੱਤਾ ਜਾਵੇ ਪਰ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਜ਼ਰੂਰ ਲਿਆ ਜਾਵੇ। ਕਾਂਗਰਸ ਹਾਈਕਮਾਂਡ ਦੇ ਕਹਿਣ ‘ਤੇ ਉਨ੍ਹਾਂ ਨੇ ਇਕ ਵਾਰ ਸਿੱਧੂ ਨੂੰ ਮੰਤਰੀ ਮੰਡਲ ਵਿਚ ਲਿਆ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਭੋਲੇ-ਭਾਲੇ ਲੋਕਾਂ ਦੇ ਹੱਥਾਂ ਵਿੱਚ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੱਚਿਆਂ ਵਾਂਗ ਵਿਵਹਾਰ ਕਰ ਰਹੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਕੇ ਉਨ੍ਹਾਂ ਨੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਬਦਨਾਮ ਕੀਤਾ ਹੈ ਅਤੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਮੰਗ ਕਰ ਚੁੱਕੇ ਹਨ ਕਿ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਖ਼ਤ ਲੋੜ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਸੰਦੀਪ ਸਿੰਗਲਾ, ਜਿੰਮੀ ਗਰਗ ਸਮਾਣਾ, ਸਵਰਨ ਮਠਾਰੂ, ਤਰਸੇਮ ਗੋਇਲ, ਜਵਾਹਰ ਗੋਇਲ, ਠੇਕੇਦਾਰ ਪ੍ਰਮੋਦ ਸਿੰਗਲਾ, ਠੇਕੇਦਾਰ ਕ੍ਰਿਸ਼ਨ ਸਿੰਗਲਾ, ਦਮਨ ਭੱਲਾ, ਜਗਵਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਡਾ. ਨੰਬਰਦਾਰ ਹਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।