Swacchta Di Lahar

ਕੈਬਿਨਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ‘ਸਵੱਛਤਾ ਦੀ ਲਹਿਰ’ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ/ਜਲੰਧਰ, 24 ਅਕਤੂਬਰ 2024: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਜਲੰਧਰ ਤੋਂ ‘ਸਵੱਛਤਾ ਦੀ ਲਹਿਰ’ (Swacchta Di Lahar) ਮੁਹਿੰਮ ਦੀ ਸ਼ੁਰੂਆਤ ਕੀਤੀ ਹੈ | ਇਹ ਮੁਹਿੰਮ 24 ਅਕਤੂਬਰ ਤੋਂ 7 ਨਵੰਬਰ ਤੱਕ ਚੱਲੇਗੀ | ਇਸ ਇਸ 15 ਰੋਜ਼ਾ ਸਫ਼ਾਈ ਮੁਹਿੰਮ ਦਾ ਮਕਸਦ ਸਵੱਛਤਾ ਦੀ ਮਹੱਤਤਾ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਦੌਰਾਨ ਮੰਤਰੀ ਡਾ. ਰਵਜੋਤ ਸਿੰਘ ਖ਼ੁਦ ਵੀ ਸਫ਼ਾਈ ਕਰਦੇ ਨਜਰ ਆਏ |

ਇਸ ਦੌਰਾਨ ਡਾ. ਰਵਜੋਤ ਸਿੰਘ ਨੇ ਕਿਹਾ ਕਿ ਸ਼ਹਿਰ ਅਤੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਲਈ ਸਮੂਹ ਨਾਗਰਿਕਾਂ ਦੇ ਸਾਂਝੇ ਯਤਨਾਂ ਦੀ ਜਰੂਰਤ ਹੈ | ਡਾ. ਰਵਜੋਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਘਰਾਂ ਦੀ ਸਫ਼ਾਈ ਰੱਖਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣਾ ਚਾਹੀਦਾ ਹੈ |

ਇਸਦੇ ਨਾਲ ਹੀ ਡਾ: ਰਵਜੋਤ ਨੇ ਦੱਸਿਆ ਕਿ ਇਸ ਮੁਹਿੰਮ (Swacchta Di Lahar) ਤਹਿਤ ਪੰਜਾਬ ਭਰ ਦੀਆਂ ਨਗਰ ਨਿਗਮਾਂ/ਕੌਂਸਲਾਂ ਦਾ ਸਟਾਫ਼ ਰੋਜ਼ਾਨਾ 1 ਵਾਧੂ ਘੰਟਾ ਆਪਣੇ ਰੁਟੀਨ ਕੰਮ ਦੇ ਬਾਵਜੂਦ ਸਫ਼ਾਈ ਲਈ ਸਮਰਪਿਤ ਕਰੇਗਾ।

ਉਨ੍ਹਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਮੁਹਿੰਮ ਨੂੰ ਲੋਕ ਲਹਿਰ ‘ਚ ਬਦਲਣ ਦੀ ਅਪੀਲ ਵੀ ਕੀਤੀ ਹੈ । ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਨਿੱਜੀ ਤੌਰ ’ਤੇ ਨਿਗਰਾਨੀ ਰੱਖਣਗੇ। ਡਾ: ਰਵਜੋਤ ਨੇ ਭਰੋਸਾ ਪ੍ਰਗਟਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਆਪ’ ਪੰਜਾਬ ‘ਚ ਹੋਣ ਵਾਲੀਆਂ ਚਾਰ ਜ਼ਿਮਨੀ ਚੋਣਾਂ ਜਿੱਤੇਗੀ |

ਇਸ ਦੌਰਾਨ ਇੱਕ ਐਨ.ਜੀ.ਓ ਜਗਦੰਬੇ ਹੈਂਡੀਕ੍ਰਾਫਟ ਵੂਮੈਨ ਵੈਲਫੇਅਰ ਸੋਸਾਇਟੀ ਵੱਲੋਂ ਕੂੜੇ ਦੇ ਸਮਾਨ ਤੋਂ ਬਣੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿੱਥੇ ਕੈਬਨਿਟ ਮੰਤਰੀ ਨੇ ਐਨ.ਜੀ.ਓ ਦੇ ਨਾਲ ਪ੍ਰਦਰਸ਼ਨੀ ਦਾ ਦੌਰਾ ਕੀਤਾ।

Scroll to Top