DGP Gaurav Yadav

DGP ਗੌਰਵ ਯਾਦਵ ਵੱਲੋਂ ਸੰਗਰੂਰ ‘ਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਮੇਤ ਕਈ ਪ੍ਰੋਜੈਕਟਾਂ ਉਦਘਾਟਨ

ਚੰਡੀਗੜ੍ਹ/ਸੰਗਰੂਰ, 10 ਅਕਤੂਬਰ 2024: ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਅੱਜ ਸੰਗਰੂਰ ਜ਼ਿਲ੍ਹੇ (Sangrur) ‘ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਹੈ। ਇਹ ਪ੍ਰੋਜੈਕਟ ਜਨਤਾ ਅਤੇ ਪੁਲਿਸ ਕਰਮਚਾਰੀਆਂ ਦੋਵਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤੇ ਗਏ ਹਨ।

ਡੀਜੀਪੀ ਪੰਜਾਬ ਨੇ ਅਤਿ-ਆਧੁਨਿਕ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਪੁਲਿਸ ਸਟੇਸ਼ਨ ਆਨਲਾਈਨ ਵਿੱਤੀ ਧੋਖਾਧੜੀ, ਪਛਾਣ ਸਬੰਧੀ ਚੋਰੀ/ਛੇੜਛਾੜ, ਸਾਈਬਰ ਧੱਕੇਸ਼ਾਹੀ, ਹੈਕਿੰਗ, ਆਨਲਾਈਨ ਘਪਲੇ ਅਤੇ ਸਾਈਬਰ ਅਪਰਾਧਾਂ ਦੀ ਜਾਂਚ ਅਤੇ ਹੱਲ ਕਰਨ ਲਈ ਇੱਕ ਸਮਰਪਿਤ ਕੇਂਦਰ ਵਜੋਂ ਕੰਮ ਕਰੇਗਾ। ਪੁਲਿਸ ਸਟੇਸ਼ਨ ਨਵੀਨਤਮ ਤਕਨਾਲੋਜੀ ਨਾਲ ਲੈਸ ਹੈ ਅਤੇ ਇਸ ‘ਚ ਡਿਜੀਟਲ ਫੋਰੈਂਸਿਕ ਅਤੇ ਸਾਈਬਰ ਅਪਰਾਧ ਦੀ ਜਾਂਚ ‘ਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਮਚਾਰੀ ਸ਼ਾਮਲ ਹਨ।

ਇਸ ਮੌਕੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨਾਲ ਨਵੇਂ ਥਾਣੇ ਦਾ ਦੌਰਾ ਕੀਤਾ ਅਤੇ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਸਟਾਫ ਨਾਲ ਗੱਲਬਾਤ ਕੀਤੀ। ਇਸ ਥਾਣੇ ‘ਚ ਐਸਐਚਓ ਦਾ ਕਮਰਾ, ਦੋ ਜਾਂਚ ਕਰਤਾਵਾਂ ਦੇ ਕਮਰੇ, ਸੀਸੀਟੀਐਨਐਸ ਦਾ ਕਮਰਾ ਅਤੇ ਲਾਕ-ਅੱਪ ਸ਼ਾਮਲ ਹੈ।

ਸੰਗਰੂਰ ਪੁਲਿਸ ਸਟੇਸ਼ਨ ਦੇ ਦੌਰੇ ਦੌਰਾਨ ਸ਼ਿਕਾਇਤਕਰਤਾ ਅਸ਼ੋਕ ਭੰਡਾਰੀ ਵਾਸੀ ਧੂਰੀ ਨੇ ਵੀ ਡੀਜੀਪੀ ਨਾਲ ਮੁਲਾਕਾਤ ਕੀਤੀ ਅਤੇ ਸਾਈਬਰ ਧੋਖਾਧੜੀ ਦੇ ਮਾਮਲੇ ਨੂੰ ਹੱਲ ਕਰਨ ਲਈ ਕੀਤੀ ਤੁਰੰਤ ਕਾਰਵਾਈ ਲਈ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਹੈ । ਭੰਡਾਰੀ ਨਾਲ ਆਨਲਾਈਨ ਵਪਾਰ ਰਾਹੀਂ 1.29 ਕਰੋੜ ਰੁਪਏ ਦੀ ਧੋਖਾਧੜੀ ਹੋਈ ਸੀ, ਪਰ ਸੰਗਰੂਰ ਦੀ ਸਾਈਬਰ ਟੀਮ ਨੇ ਐਫਆਈਆਰ ਦਰਜ ਹੋਣ ਤੋਂ ਤੁਰੰਤ ਬਾਅਦ 30 ਲੱਖ ਰੁਪਏ ਬਰਾਮਦ ਕਰ ਲਏ।

ਇਸਦੇ ਨਾਲ ਹੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਉਦਘਾਟਨ ਤੋਂ ਇਲਾਵਾ, ਹੋਰ ਪ੍ਰਮੁੱਖ ਪਹਿਲਕਦਮੀਆਂ ‘ਚ ਪੁਲਿਸ ਦਫ਼ਤਰਾਂ ‘ਚ ਆਉਣ ਵਾਲੇ ਨਾਗਰਿਕਾਂ ਲਈ ਕੰਟੀਨ, ਦਫ਼ਤਰ ਕੰਪਲੈਕਸ ਦੇ ਨੇੜੇ ਵਿਜ਼ਟਰਾਂ ਲਈ ਸੁਵਿਧਾਜਨਕ ਜਨਤਕ ਸ਼ੈੱਡ ਅਤੇ ਅਧਿਕਾਰੀਆਂ ਲਈ ਗਜ਼ਟਿਡ ਅਫਸਰਾਂ ਦੀ ਮੇਸ ਦਾ ਨਵੀਨੀਕਰਨ ਸ਼ਾਮਲ ਹੈ।

ਡੀਜੀਪੀ ਗੌਰਵ ਯਾਦਵ ਨੇ ਅਪਗ੍ਰੇਡ ਕੀਤੇ ਜ਼ਿਲ੍ਹਾ ਪੁਲਿਸ ਕੰਪਲੈਕਸ ਦਾ ਵੀ ਉਦਘਾਟਨ ਕੀਤਾ, ਜਿਸ ਨੂੰ ਲੋਕਾਂ ਦੀ ਵੱਧ ਰਹੀ ਭੀੜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਲਈ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਪਬਲਿਕ ਕਾਰ ਪਾਰਕਿੰਗ ਦੀ ਨੀਂਹ ਵੀ ਰੱਖੀ ਗਈ, ਜਿਸ ਦਾ ਆਮ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਆਧੁਨਿਕ ਸਹੂਲਤਾਂ ‘ਚ ਨਿਵੇਸ਼ ਕਰਨ ਪਿੱਛੇ ਪੰਜਾਬ ਪੁਲਿਸ ਦਾ ਉਦੇਸ਼ ਜਨਤਕ ਸੇਵਾਵਾਂ ਨੂੰ ਵਧਾਉਣਾ, ਅਧਿਕਾਰੀਆਂ ‘ਚ ਭਾਈਚਾਰਕ ਭਾਵਨਾ ਨੂੰ ਮਜ਼ਬੂਤ ​​ਕਰਨਾ ਅਤੇ ਸਾਰਿਆਂ ਲਈ ਸੁਰੱਖਿਅਤ ਮਾਹੌਲ ਯਕੀਨੀ ਬਣਾਉਣਾ ਹੈ।

ਇਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਸੰਗਰੂਰ ਪੁਲਿਸ ਵੱਲੋਂ ਕਰਵਾਏ ‘ਵੱਡਾ ਖਾਣਾ’ ਦੁਪਹਿਰ ਦੇ ਖਾਣੇ ‘ਚ ਸ਼ਿਰਕਤ ਕੀਤੀ। ਇਸ ਦੌਰਾਨ ਸਾਰੇ ਰੈਂਕਾਂ ਦੇ ਅਧਿਕਾਰੀਆਂ ਨੇ ਪੁਲਿਸ ਮੁਖੀ ਨਾਲ ਗੱਲਬਾਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ, ਜੋ ਕਿ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ​​ਕਰਨ ‘ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ‘ਤੇ ਇਕੱਠੇ ਭੋਜਨ ਕਰਦੇ ਹੋਏ ਡੀਜੀਪੀ ਨੇ ਸੀਨੀਅਰ ਅਧਿਕਾਰੀਆਂ ਅਤੇ ਜੂਨੀਅਰ ਸਟਾਫ ਵਿਚਕਾਰ ਬਿਹਤਰ ਤਾਲਮੇਲ ਲਈ ਉਨ੍ਹਾਂ ਦੇ ਤਜ਼ਰਬਿਆਂ, ਚੁਣੌਤੀਆਂ ਅਤੇ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ।

ਡੀ.ਜੀ.ਪੀ ਨੇ ਪਟਿਆਲਾ ਰੇਂਜ ਦੇ ਵਧੀਆ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਨੂੰ ਹੋਰ ਵਧੀਆ ਢੰਗ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਅਤੇ ਸਨਮਾਨਿਤ ਵੀ ਕੀਤਾ। ਇਸ ਦੌਰਾਨ ਐਸਐਸਪੀ ਪਟਿਆਲਾ ਨਾਨਕ ਸਿੰਘ, ਐਸਐਸਪੀ ਸੰਗਰੂਰ ਸਰਤਾਜ ਚਾਹਲ, ਐਸਐਸਪੀ ਬਰਨਾਲਾ ਸੰਦੀਪ ਮਲਿਕ ਅਤੇ ਐਸਐਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ ਵੀ ਮੌਜੂਦ ਸਨ।

Scroll to Top