ਚੰਡੀਗੜ੍ਹ, 30 ਅਗਸਤ 2024: ਲੁਧਿਆਣਾ ‘ਚ ਦਿਨ ਦਿਹਾੜੇ ਇੱਕ ਸਕੂਲੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ 9 ਸਾਲਾ ਵਿਦਿਆਰਥੀ (School girl) ਨੂੰ ਅਗਵਾ ਕਰਨ ਦੀ ਘਟਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਬੱਚੀ ਨੇ ਚੌਕਸ ਹੋ ਕੇ ਦੁਕਾਨਦਾਰ ਕੋਲ ਰੌਲਾ ਪਾਇਆ |
ਇਹ ਘਟਨਾ ਦਰੇਸੀ ਥਾਣਾ ਖੇਤਰ ਦੇ ਜੋਧੇਵਾਲ ਰੋਡ ‘ਤੇ ਅਰਪਿਤਾ ਬਾਪੂ ਸਕੂਲ ਨੇੜੇ ਦੁਪਹਿਰ ਕਰੀਬ 1.30 ਵਜੇ ਦੀ ਦੱਸੀ ਜਾ ਰਹੀ ਹੈ। ਦੁਕਾਨਦਾਰ ਅਤੇ ਲੋਕਾਂ ਦੀ ਮੱਦਦ ਨਾਲ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਬੱਚੀ (School girl) ਦੇ ਪਿਓ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਈ-ਰਿਕਸ਼ਾ ਚਾਲਕ ਵਜੋਂ ਕੰਮ ਕਰਦਾ ਹੈ। ਉਸ ਦੀ ਬੇਟੀ ਅਰਪਿਤਾ ਬਾਪੂ ਸਕੂਲ ਦੀ ਵਿਦਿਆਰਥਣ ਹੈ ਜੋ ਪਹਿਲੀ ਜਮਾਤ ‘ਚ ਪੜ੍ਹਦੀ ਹੈ।
ਕਰੀਬ 1.30 ਵਜੇ ਸਕੂਲ ਤੋਂ ਛੁੱਟੀ ਤੋਂ ਬਾਦ ਬੱਚੀ ਆਪਣੇ ਪਿਓ ਦੀ ਉਡੀਕ ਕਰ ਰਹੀ ਸੀ। ਫਿਰ ਨਸ਼ੇ ਦੇ ਆਦੀ ਦੋ ਮੁਲਜ਼ਮਾਂ ਨੇ ਉਸਦਾ ਹੱਥ ਫੜ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੱਚੀ ਡਰ ਗਈ ਅਤੇ ਸਕੂਲ ਦੇ ਸਾਹਮਣੇ ਦੁਕਾਨਦਾਰ ਕੋਲ ਦੌੜ ਗਈ। ਦੁਕਾਨ ਮਾਲਕ ਅਮਰੀਕ ਸਿੰਘ ਨੇ ਲੋਕਾਂ ਦੀ ਮੱਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ।
ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਬੱਚੀ ਦੇ ਪਿਓ ਮਨੋਜ ਕੁਮਾਰ ਦਾ ਦੋਸ਼ ਹੈ ਕਿ ਬੇਟੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫੜੇ ਗਏ ਮੁਲਜ਼ਮ ਸ਼ਰਾਬੀ ਸਨ। ਫਿਲਹਾਲ ਫੜੇ ਗਏ ਦੋਵੇਂ ਦੋਸ਼ੀਆਂ ਦਾ ਸਿਵਲ ਹਸਪਤਾਲ ‘ਚ ਮੈਡੀਕਲ ਕਰਵਾਇਆ ਜਾ ਰਿਹਾ ਹੈ। ਮੁਲਜ਼ਮਾਂ ਦੀ ਪਛਾਣ ਨਸ਼ਾ ਉਤਰਨ ਹੋਣ ਤੋਂ ਬਾਅਦ ਹੀ ਹੋਵੇਗੀ।