ਦਿੱਲੀ 29 ਜੁਲਾਈ 2024: ਦਿੱਲੀ (Delhi) ਦੇ ਓਲਡ ਰਾਜੇਂਦਰ ਨਗਰ ਸਥਿਤ ਕੋਚਿੰਗ ਸੈਂਟਰ ‘ਚ ਤਿੰਨ UPS ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧ ‘ਚ ਹੁਣ ਪ੍ਰਸ਼ਾਸਨ ਨੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਕਾਰਵਾਈ ਓਲਡ ਰਜਿੰਦਰ ਨਗਰ ‘ਚ ਹੋਏ ਕਥਿਤ ਕਬਜ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ।
ਇਸ ਤੋਂ ਪਹਿਲਾਂ ਪੁਲਿਸ ਨੇ ਇਸ ਮਾਮਲੇ ‘ਚ 5 ਹੋਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਹੁਣ ਗ੍ਰਿਫਤਾਰ ਮੁਲਜ਼ਮਾਂ ਦੀ ਕੁੱਲ ਗਿਣਤੀ 7 ਹੋ ਗਈ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ‘ਚ ਸ਼ਾਮਲ ਸਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦਿੱਲੀ ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਓਲਡ ਰਾਜੇਂਦਰਨਗਰ ਇਲਾਕੇ ‘ਚ ਗੱਡੀ ਨੂੰ ਪਾਣੀ ‘ਚੋਂ ਬਾਹਰ ਕੱਢਣ ਵਾਲੇ ਵਾਹਨ ਦੇ ਡਰਾਈਵਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕਾਰਨ ਪਾਣੀ ‘ਚ ਤੇਜ਼ ਲਹਿਰ ਪੈਦਾ ਹੋ ਗਈ, ਜਿਸ ਕਾਰਨ ਕੋਚਿੰਗ ਸੈਂਟਰ ਦਾ ਗੇਟ ਟੁੱਟ ਗਿਆ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।
ਇਸ ਤੋਂ ਪਹਿਲਾਂ, ਐਮਸੀਡੀ ਨੇ ਵੀ ਸਖ਼ਤ ਕਾਰਵਾਈ ਕਰਦੇ ਹੋਏ ਖੇਤਰ ‘ਚ 13 ਕੋਚਿੰਗ ਸੰਸਥਾਵਾਂ ਦੇ ਬੇਸਮੈਂਟਾਂ ਨੂੰ ਸੀਲ ਕਰ ਦਿੱਤਾ ਸੀ। ਐਤਵਾਰ ਨੂੰ, ਅਧਿਕਾਰੀ ਨੇ ਕਿਹਾ ਕਿ ਨਗਰ ਨਿਗਮ ਇੱਕ ਕੋਚਿੰਗ ਸੈਂਟਰ ਦੇ ਬੇਸਮੈਂਟ ‘ਚ ਪਾਣੀ ਭਰਨ ਕਾਰਨ ਤਿੰਨ ਜਣਿਆਂ ਦੀ ਮੌਤ ਦੀ ਘਟਨਾ ਦੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਏਗਾ। ਦਿੱਲੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਨਗਰ ਨਿਗਮ (Delhi) ਦੀ ਇੱਕ ਟੀਮ ਐਤਵਾਰ ਨੂੰ ਓਲਡ ਰਾਜੇਂਦਰ ਨਗਰ ਖੇਤਰ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਕਈ ਕੋਚਿੰਗ ਸੈਂਟਰਾਂ ਦੇ ਬੇਸਮੈਂਟਾਂ ਨੂੰ ਸੀਲ ਕਰਨ ਲਈ ਪਹੁੰਚੀ।
ਸੀਲ ਕੀਤੇ 13 ਕੋਚਿੰਗ ਸੈਂਟਰਾਂ ‘ਚ ਆਈਏਐਸ ਗੁਰੂਕੁਲ, ਚਾਹਲ ਅਕੈਡਮੀ, ਪਲੂਟਸ ਅਕੈਡਮੀ, ਸਾਈ ਟਰੇਡਿੰਗ, ਆਈਏਐਸ ਸੇਤੂ, ਟਾਪਰਜ਼ ਅਕੈਡਮੀ, ਦੈਨਿਕ ਸੰਵਾਦ, ਸਿਵਲ ਡੇਲੀ ਆਈਏਐਸ, ਕਰੀਅਰ ਪਾਵਰ, 99 ਨੋਟਸ, ਵਿਦਿਆ ਗੁਰੂ, ਗਾਈਡੈਂਸ ਆਈਏਐਸ ਅਤੇ ‘ਈਜ਼ੀ ਫਾਰ ਆਈਏਐਸ’ ਸ਼ਾਮਲ ਹਨ।
ਉਸ ਕੋਚਿੰਗ ਸੈਂਟਰ ਨੂੰ ਲੈ ਕੇ ਵੀ ਵੱਡੇ ਖੁਲਾਸੇ ਹੋਏ ਹਨ, ਜਿੱਥੇ UPSC ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਕੋਚਿੰਗ ਸੈਂਟਰ ਨੂੰ ਮਿਲੀ ਐਨਓਸੀ ਅਨੁਸਾਰ ਬੇਸਮੈਂਟ ਨੂੰ ਸਟੋਰੇਜ ਲਈ ਹੀ ਵਰਤਿਆ ਜਾਣਾ ਸੀ ਪਰ ਇਸ ਦੇ ਉਲਟ ਉਥੇ ਲਾਇਬ੍ਰੇਰੀ ਬਣਾਈ ਗਈ। ਇਸ ਤੋਂ ਇਲਾਵਾ ਬੇਸਮੈਂਟ ‘ਚ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਪਾਣੀ ਬਹੁਤ ਤੇਜ਼ੀ ਨਾਲ ਭਰ ਗਿਆ, ਜਿਸ ਕਾਰਨ ਤਿੰਨ ਵਿਦਿਆਰਥੀ ਡੁੱਬ ਗਏ।