Charanjit Singh Brar

ਬੰਦ ਲਿਫ਼ਾਫ਼ੇ ਦੀ ਚਿੱਠੀਆਂ ਨੇ ਪਹਿਲਾਂ ਬੜੇ ਪੰਗੇ ਪਾਏ, ਸੁਖਬੀਰ ਬਾਦਲ ਵੱਲੋਂ ਦਿੱਤੀ ਚਿੱਠੀ ਜਨਤਕ ਕੀਤੀ ਜਾਵੇ: ਚਰਨਜੀਤ ਸਿੰਘ ਬਰਾੜ

ਚੰਡੀਗੜ੍ਹ, 29 ਜੁਲਾਈ 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਮੁਆਫ਼ਨਾਮੇ ਨੂੰ ਜਨਤਕ ਕਰਨ ਦੀ ਮੰਗ ਉੱਠ ਰਹੀ ਹੈ | ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਬਰਾੜ (Charanjit Singh Brar) ਨੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਚੀਮਾਂ (Dr. Daljit Cheema) ‘ਤੇ ਤਿੱਖਾ ਹਮਲਾ ਕੀਤਾ ਹੈ |

ਚਰਨਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਬੀਤੇ ਕਈ ਦਿਨ ਤੋਂ ਡਾ: ਦਲਜੀਤ ਚੀਮਾਂ ਨੇ ਆਪਣੇ ਧੜੇ ਦੀ ਬਣਾਈ ਪਾਲਿਸੀ ਮੁਤਾਬਕ ਰੋਜ਼ਾਨਾਂ ਚੈਨਲਾਂ ‘ਤੇ ਸੰਗਤ ਸਾਹਮਣੇ ਨਿਰਾ ਝੂਠ ਪਰੋਸਦੇ ਹੋਏ ਵਿਰੋਧੀ ਧੜੇ ਤੇ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਦੇ ਵਿਰੋਧੀ ਗਰਦਾਨਣ ਦੀ ਕੋਝੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਨੂੰ ਸਮਰਪਿਤ ਹਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਫੈਸਲਾ ਨੂੰ ਖਿੜ੍ਹੇ ਮੱਥੇ ਨਾਲ ਮੰਨਾਂਗੇ | ਉਨ੍ਹਾਂ ਕਿਹਾ ਚੰਗਾ ਹੁੰਦਾ ਜੇਕਰ ਡਾ: ਦਲਜੀਤ ਸਿੰਘ ਚੀਮਾ ਸੰਗਤ ਨੂੰ ਅਕਾਲੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਅਤੇ ਗੁਨਾਹਾਂ ਬਾਰੇ ਥੋੜਾ ਬਹੁਤਾ ਸੱਚ ਸਵੀਕਾਰ ਕਰ ਲੈਂਦੇ | ਉਨ੍ਹਾਂ ਕਿਹਾ ਬੰਦ ਲਿਫ਼ਾਫ਼ੇ ਦੀ ਚਿੱਠੀਆਂ ਨੇ ਪਹਿਲਾਂ ਬੜੇ ਪੰਗੇ ਪਾਏ ਹਨ |

ਉਨ੍ਹਾਂ ਕਿਹਾ ਕਿ ਹੁਣ ਡਾ: ਦਲਜੀਤ ਸਿੰਘ ਚੀਮਾ ਵੱਲੋਂ ਜਿਸ ਚਿੱਠੀ ਦਾ ਜਿਕਰ ਦਾ ਕੀਤਾ ਜਾ ਰਿਹਾ ਹੈ, ਇਹ ਚਿੱਠੀ 16 ਅਕਤੂਬਰ 2015 ਨੂੰ ਹੋਈ ਕੋਰ ਕਮੇਟੀ ਵਾਲੇ ਦਿਨ ਦੇ ਫੈਸਲੇ ਦੀ ਹੈ | ਇਸ ਚਿੱਠੀ ‘ਚ ਫੈਸਲਾ ਹੋਇਆ ਸੀ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਅਤੇ ਮੁਆਫ਼ੀ ਦੁਆਉਣ ਵਾਲੀ ਗੱਲ ਤੋਂ ਲੈ ਕੇ ਪੰਥਕ ਸਰਕਾਰ ਵੇਲੇ ਹੋਈਆਂ ਗਲਤੀਆਂ ਗੁਨਾਹਾਂ ਦੀ ਮੁਆਫ਼ੀ ਮੰਗੇਗੀ।

ਉਨ੍ਹਾਂ ਕਿਹਾ, ਪਰ ਜਿਹੜੀ ਚਿੱਠੀ ਹੁਣ ਦਿਖਾਈ ਜਾ ਰਹੀ ਹੈ, ਇਹ ਕੋਰ ਕਮੇਟੀ ਦੇ ਫੈਸਲੇ ਦੇ ਬਿਲਕੁਲ ਉਲਟ ਹੈ। ਇਸ ‘ਚ ਕਿਤੇ ਵੀ ਬੇਅਦਬੀ ਬਾਰੇ, ਡੇਰਾ ਮੁਖੀ ਨੂੰ ਮੁਆਫ਼ੀ ਬਾਰੇ, ਵੋਟਾਂ ਦਾ ਸੌਦੇ ਬਾਰੇ ਜਾਂ ਕੇਸ ਵਾਪਸ ਲੈਣ ਬਾਰੇ ਦਾ ਜਿਕਰ ਤੱਕ ਨਹੀਂ ਕੀਤਾ ਗਿਆ। ਇਸਦੇ ਨਾਲ ਹੀ ਇਨਸਾਫ਼ ਦੀ ਮੰਗ ਕਰ ਰਹੀਆਂ ਸੰਗਤ ‘ਤੇ ਗੋਲੀ ਚਲਾਉਣ ਦਾ ਜਿਕਰ ਤੱਕ ਨਹੀਂ ਹੈ। ਕੋਰ ਕਮੇਟੀ ਦੇ ਫੈਸਲੇ ਮੁਤਾਬਿਕ ਭੁੱਲ ਬਖਸ਼ਾਉਣ ਵਾਲੀ ਗੱਲ ਇਸ ਚਿੱਠੀ ਨਹੀ ਦਿੱਤੀ ਗਈ |

ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਉਸ ਸਮੇਂ ਪਾਰਟੀ ਵੱਲੋਂ ਪਸ਼ਚਾਤਾਪ ਲਈ ਰਖਾਏ ਸ੍ਰੀ ਅਖੰਡਪਾਠ ਸਾਹਿਬ ‘ਚ ਭਰੀ ਹਾਜਰੀ ਦੀ ਤਸਵੀਰ ਡਾ: ਦਲਜੀਤ ਸਿੰਘ ਚੀਮਾ ਵੱਲੋਂ ਦਿਖਾਈ ਜਾ ਰਹੀ ਹੈ, ਉਸ ‘ਤੇ ਅਸੀ ਬਿਲਕੁਲ ਸਪੱਸ਼ਟ ਹਾਂ ਕਿ ਪਸ਼ਚਾਤਾਪ ਕਰਨਾਂ ਜ਼ਰੂਰੀ ਸੀ ਤੇ ਹਮੇਸ਼ਾ ਅਰਦਾਸ ਬੇਨਤੀਆਂ ਕਰਦੇ ਰਹੇ ਹਾਂ | ਉਨ੍ਹਾਂ ਕਿਹਾ ਕਿ ਹੁਣ ਇਸ ਤਸਵੀਰ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤ ਕੇ ਇੱਕ ਵਾਰ ਫਿਰ ਵੱਡਾ ਗੁਨਾਹ ਕਰਨ ਤੋਂ ਬਾਜ ਨਹੀਂ ਆ ਰਹੇ |

ਉਨ੍ਹਾਂ (Charanjit Singh Brar) ਕਿਹਾ ਕਿ ਪਹਿਲਾਂ ਵਾਂਗ ਕੀਤੀਆਂ ਗਲਤੀਆਂ ਕਦੋਂ ਗੁਨਾਹ ਬਣ ਗਏ ਸਨ ਓਸੇ ਤਰਜ ‘ਤੇ ਹੁਣ ਵੀ ਗੁਨਾਹਾਂ ਦੀ ਗਿਣਤੀ ਨੂੰ ਵਧਾਇਆ ਜਾ ਰਿਹਾ ਹੈ ਨਾ ਕਿ ਸੰਗਤ ਸਾਹਮਣੇ ਸੱਚ ਬੋਲਣ ਅਤੇ ਸੁਣਨ ਦੀ ਹਿੰਮਤ ਦਿਖਾਈ ਜਾ ਰਹੀ ਹੈ। ਚਰਨਜੀਤ ਸਿੰਘ ਬਰਾੜ ਨੇ ਕਿਹਾ ਹੁਣ ਵੀ ਚਿੱਠੀ ਜਨਤਕ ਕਰਨ ਦੀ ਗੱਲ ਇਸੇ ਕਰਕੇ ਕਰ ਰਹੇ ਹਾਂ ਕਿ ਉਪਰੋਕਤ ਘੱਟੋ-ਘੱਟ ਤਿੰਨ ਚਾਰ ਗੱਲਾਂ ਲਈ ਮੁਆਫ਼ੀ ਮੰਗੀ ਹੈ ਕਿ ਨਹੀ ਇਹ ਪੰਥ ਨੂੰ ਪਤਾ ਚੱਲ ਸਕੇ।

Scroll to Top