ਚੰਡੀਗੜ੍ਹ, 08 ਜੂਨ 2024: ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਭਲਕੇ ਸਹੁੰ ਚੁੱਕਣ ਵਾਲੇ ਹਨ। ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਪਾਕਿਸਤਾਨ (Pakistan) ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮੁਮਤਾਜ਼ ਜ਼ਹਰਾ ਬਲੋਚ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਸਮੇਤ ਸਾਰੇ ਗੁਆਂਢੀ ਦੇਸ਼ਾਂ ਨਾਲ ਸੁਹਿਰਦ ਅਤੇ ਸਹਿਯੋਗੀ ਸਬੰਧ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਸਾਰੇ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੇ ਅਧਿਕਾਰਤ ਗਠਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦੇਣਾ ਬਚਕਾਨਾ ਹੋਵੇਗਾ।
ਭਾਰਤ ਨਾਲ ਪਾਕਿਸਤਾਨ (Pakista) ਦੇ ਸਬੰਧਾਂ ਬਾਰੇ ਗੱਲ ਕਰਦਿਆਂ ਬਲੋਚ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਆਪਣੇ ਗੁਆਂਢੀਆਂ ਨਾਲ ਵਿਵਾਦਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਅੱਗੇ ਕਿਹਾ, “ਪਾਕਿਸਤਾਨ ਹਮੇਸ਼ਾ ਭਾਰਤ ਸਮੇਤ ਆਪਣੇ ਗੁਆਂਢੀ ਦੇਸ਼ਾਂ ਨਾਲ ਸਹਿਯੋਗੀ ਸਬੰਧ ਬਣਾਏ ਰੱਖਣਾ ਚਾਹੁੰਦਾ ਹੈ। ਅਸੀਂ ਜੰਮੂ-ਕਸ਼ਮੀਰ ਸਮੇਤ ਵੱਡੇ ਵਿਵਾਦਾਂ ਨੂੰ ਸੁਲਝਾਉਣ ਲਈ ਲਗਾਤਾਰ ਗੱਲਬਾਤ ਕੀਤੀ ਹੈ।”
ਭਾਰਤ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਨਾਲ ਚੰਗੇ ਸਬੰਧ ਚਾਹੁੰਦਾ ਹੈ। ਇਸ ਤੋਂ ਪਹਿਲਾਂ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਦੇ ਦਰਵਾਜ਼ੇ ਕਦੇ ਬੰਦ ਨਹੀਂ ਕੀਤੇ ਪਰ ਜੇਕਰ ਉਨ੍ਹਾਂ ਕੋਲ ਇੰਨੇ ਸਾਰੇ ਅਤਿ+ਵਾਦੀ ਕੈਂਪ ਹਨ ਤਾਂ ਇਹ ਗੱਲਬਾਤ ਦਾ ਮੁੱਖ ਮੁੱਦਾ ਹੋਣਾ ਚਾਹੀਦਾ ਹੈ।