badal

ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਕੇਂਦਰ ਸਰਕਾਰ ਜਾਂ ਕਾਨੂੰਨੀ ਏਜੰਸੀ ਨੂੰ ਕਰਨੀ ਚਾਹੀਦੀ ਇਨਕੁਆਰੀ : ਪ੍ਰਕਾਸ਼ ਸਿੰਘ ਬਾਦਲ

ਚੰਡੀਗੜ੍ਹ 18 ਦਸੰਬਰ 2021 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal ) ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਘਿਨੌਣੇ ਯਤਨਾਂ ਨੂੰ ਬਹੁਤ ਹੀ ਹੈਰਾਨੀਜਨਕ, ਪੀੜਾ ਭਰਿਆ ਤੇ ਅਤਿਅੰਤ ਦੁਖਦਾਈ ਕਰਾਰ ਦਿੱਤਾ। ਬਾਦਲ ਨੇ ਕਿਹਾ ਕਿ ਇਸ ਅਪਰਾਧ ਦੀ ਜਿੰਨੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ, ਥੋੜ੍ਹੀ ਹੈ ਤੇ ਇਸ ਨੇ ਦੁਨੀਆ ਭਰ ’ਚ ਸਿੱਖਾਂ ਦੇ ਮਨਾਂ ਵਿਚ ਡੂੰਘਾ ਦੁੱਖ ਤੇ ਰੋਹ ਪੈਦਾ ਕੀਤਾ ਹੈ। ਇਸ ਲਈ ਇਸ ਘਟਨਾ ਦੀ ਕੇਂਦਰ ਸਰਕਾਰ ਜਾਂ ਕਾਨੂੰਨੀ ਏਜੰਸੀ ਨੂੰ ਇਨਕੁਆਰੀ ਕਰਨੀ ਚਾਹੀਦੀ ਹੈ। ਇਸ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਉਨ੍ਹਾਂ ਨੂੰ ਬਹੁਤ ਵੱਡੀ ਸੱਟ ਵੱਜੀ ਹੈ।
ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸਯੋਗ ਗੱਲ ਨਹੀਂ ਹੈ ਕਿ ਅਜਿਹਾ ਪੀੜਾਦਾਇਕ ਤੇ ਘਿਨੌਣਾ ਅਪਰਾਧ ਮਨੁੱਖਤਾ ਦੇ ਸਭ ਤੋਂ ਪਵਿੱਤਰ ਅਸਥਾਨ ’ਤੇ ਇਕ ਵਿਅਕਤੀ ਵੱਲੋਂ ਕੀਤਾ ਗਿਆ ਹੋਵੇ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਸਾਰੀ ਸਾਜ਼ਿਸ਼ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਪਿੱਛੇ ਹਨ, ਉਨ੍ਹਾਂ ਨੂੰ ਬੇਨਕਾਬ ਕਰ ਕੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ।

Scroll to Top