ਦਿੱਲੀ 9 ਦਸੰਬਰ 2021 : ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਇੱਕ ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਖ਼ਤਮ ਹੋ ਗਿਆ। ਸੰਯੁਕਤ ਕਿਸਾਨ ਮੋਰਚਾ (Samyukta Kisan Morcha) ਨੇ ਕਿਸਾਨ ਅੰਦੋਲਨ ਵਾਪਸੀ ਦਾ ਐਲਾਨ ਕੀਤਾ ਹੈ।ਐੱਸ.ਕੇ.ਐੱਮ, ਨੇ ਪ੍ਰੈੱਸ ਕਾਨਫਰੰਸ ਕਰਕੇ ਘਰ ਵਾਪਸੀ ਕਰਕੇ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ। ਬਲਬੀਰ ਰਾਜੇਵਾਲਾ ਨੇ ਕਿਸਾਨ ਅੰਦੋਲਨ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ 11 ਦਸੰਬਰ ਨੂੰ ਇਹ ਅੰਦੋਲਨ ਸਿੰਘੂ ਬਾਰਡਰ ਤੋਂ ਸਮਾਪਤ ਹੋਵੇਗਾ ਅਤੇ 13 ਦਸੰਬਰ ਨੂੰ ਸਮੂਹ ਕਿਸਾਨ ਆਗੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ 15 ਦਸੰਬਰ ਨੂੰ ਪੰਜਾਬ (punjab) ‘ਚੋਂ ਸਾਰੇ ਅੰਦੋਲਨ ਖਤਮ ਕਰ ਦਿੱਤੇ ਜਾਣਗੇ। ਦੱਸਦੇਈਏ ਕਿ ਇਸ ਤੋਂ ਪਹਿਲਾਂ ਸਵੇਰੇ ਸਿੰਘੂ ਅਤੇ ਕੁੰਡਲੀ ਸਰਹੱਦ ਤੋਂ ਟੈਂਟ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਐੱਸ.ਕੇ.ਐੱਮ, ਦੇ ਅਧੀਨ 32 ਕਿਸਾਨ ਸੰਗਠਨਾਂ ਨੇ ਬੁੱਧਵਾਰ ਨੂੰ ਦਿੱਤੇ ਗਏ ਸਰਕਾਰ ਦੇ ਸੰਸ਼ੋਧਿਤ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ, ਜਿਸ ‘ਚ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਸਾਰੇ ਪੁਲਿਸ ਕੇਸ ਵਾਪਸ ਲੈਣ ਦੀ ਮੰਗ ਵੀ ਸ਼ਾਮਲ ਹੈ।
ਸੋਧੇ ਹੋਏ ਪ੍ਰਸਤਾਵ ‘ਚ ਸਰਕਾਰ ਨੇ ਕਿਹਾ
ਦੱਸਦਈਏ ਕਿ ਬੁੱਧਵਾਰ ਨੂੰ ਸੋਧੇ ਹੋਏ ਮਤੇ ‘ਚ ਸਰਕਾਰ ਨੇ ਕਿਹਾ ਕਿ ਪ੍ਰਸਤਾਵਿਤ ਰਿਆਇਤਾਂ ਦੇ ਮੱਦੇਨਜ਼ਰ ਅੰਦੋਲਨ ਜਾਰੀ ਰੱਖਣ ਦਾ ਕੋਈ ਜਾਇਜ਼ ਨਹੀਂ ਹੈ ਅਤੇ ਕਿਸਾਨ ਸੰਗਠਨਾਂ ਨੂੰ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ। ਸੋਧੇ ਹੋਏ ਪ੍ਰਸਤਾਵ ਮੁਤਾਬਕ ਕੇਂਦਰ ਦੂਜੇ ਸੂਬਿਆਂ ਨੂੰ ਵੀ ਅੰਦੋਲਨ ਦੌਰਾਨ ਪ੍ਰਦਰਸ਼ਨਕਾਰੀਆਂ ਖਿਲਾਫ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲੈਣ ਦੀ ਅਪੀਲ ਕਰੇਗਾ।
ਇਹ ਸੂਬਾ ਕਿਸਾਨਾਂ ਵਿਰੁੱਧ ਸਾਰੇ ਕੇਸ ਵਾਪਸ ਲੈਣ ਲਈ ਤਿਆਰ
ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ-ਸਾਰੇ ਭਾਜਪਾ ਸ਼ਾਸਿਤ ਰਾਜਾਂ – ਨੇ ਤੁਰੰਤ ਪ੍ਰਭਾਵ ਨਾਲ ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਸਾਰੇ ਕੇਸ ਵਾਪਸ ਲੈਣ ਲਈ ਸਹਿਮਤੀ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਦਿੱਲੀ ‘ਚ ਪ੍ਰਦਰਸ਼ਨਕਾਰੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਰੁੱਧ ਅਤੇ ਐਨ.ਆਈ.ਏ. ਅਤੇ ਈਡੀ ਵਰਗੀਆਂ ਵੱਖ-ਵੱਖ ਕੇਂਦਰੀ ਏਜੰਸੀਆਂ ਦੁਆਰਾ ਦਰਜ ਕੀਤੇ ਗਏ ਸਾਰੇ ਕੇਸ ਵੀ ਵਾਪਸ ਲੈ ਲਏ ਜਾਣਗੇ। ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਲਈ ਪ੍ਰਸਤਾਵਿਤ ਕਮੇਟੀ ਦੇ ਮੁੱਦੇ ‘ਤੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਐੱਸ.ਕੇ.ਐੱਮ. ਦੇ ਨੁਮਾਇੰਦੇ ਵੀ ਇਸ ‘ਚ ਸ਼ਾਮਲ ਹੋਣਗੇ। ਬਿਜਲੀ (ਸੋਧ) ਬਿੱਲ ਦੇ ਨਵੇਂ ਖਰੜੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਬਿੱਲ ਪੇਸ਼ ਕਰਨ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਅਤੇ SKM ਨਾਲ ਚਰਚਾ ਕਰੇਗੀ।
ਨਵੰਬਰ 23, 2024 3:11 ਪੂਃ ਦੁਃ