TheUnmute.com

9/11 Attack: ਫੋਟੋ ਜਰਨਲਿਸਟ ਬਿਗਾਰਟ, ਜਿਸਨੇ ਜਾਨ ਦੀ ਬਾਜ਼ੀ ਲਗਾ ਕੇ 9/11 ਹਮਲੇ ਦੀਆਂ ਖਿੱਚੀਆਂ ਸਨ ਤਸਵੀਰ

9/11 Attack: ਦੁਨੀਆ ਕਦੇ ਸ਼ਾਇਦ ਹੀ 9/11 ਨੂੰ ਅਮਰੀਕਾ ‘ਤੇ ਹੋਏ ਸਭ ਤੋਂ ਵੱਡੇ ਅ.ਤਿ.ਵਾ.ਦੀ ਹਮਲੇ ਨੂੰ ਭੁੱਲ ਸਕੇਗੀ। ਦਰਅਸਲ, 11 ਸਤੰਬਰ 2001 ਨੂੰ ਅ.ਤਿ.ਵਾ.ਦੀਆਂ ਨੇ ਅਮਰੀਕਾ ਦੀ 110 ਮੰਜ਼ਿਲਾ ਇਮਾਰਤ ਵਰਲਡ ਟਰੇਡ ਟਾਵਰ ਸਮੇਤ ਪੈਂਟਾਗਨ ਅਤੇ ਵ੍ਹਾਈਟ ਹਾਊਸ ਨੂੰ ਉਡਾਉਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਵੱਲੋਂ ਵਰਲਡ ਟਰੇਡ ਟਾਵਰ ਅਤੇ ਪੈਂਟਾਗਨ ‘ਤੇ ਹਮਲਾ ਕਰਨ ‘ਚ ਸਫਲ ਰਿਹਾ, ਪਰ ਵ੍ਹਾਈਟ ਹਾਊਸ ਤੱਕ ਨਹੀਂ ਪਹੁੰਚ ਸਕੇ । ਇਸ ਹਮਲੇ ਨਾਲ ਜੁੜੇ ਕਈ ਰਾਜ਼ ਹਨ, ਜਿਨ੍ਹਾਂ ‘ਚੋਂ ਕੁਝ ਅਜੇ ਤੱਕ ਵੀ ਲੁਕੇ ਰਹੇ ਗਏ |

9/11 ਦਾ ਦਿਨ ਅਮਰੀਕਾ ਲਈ ਇਕ ਦਰਦਨਾਕ ਦਿਨ ਸੀ, ਇਸ ਹਮਲੇ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ | ਅੱਜ ਅੱਜ 9/11 ਦੇ ਹਮਲੇ ਨੂੰ 23 ਸਾਲ ਪੂਰੇ ਹੋ ਗਏ ਹਨ। ਅੱਜ ਦੇ ਹੀ ਦਿਨ ਯਾਨੀ ਕਿ 11 ਸਤੰਬਰ, 2001 ਨੂੰ ਸਵੇਰੇ 8:46 ਵਜੇ, ਇੱਕ ਯਾਤਰੀ ਜਹਾਜ਼ ਨਿਊਯਾਰਕ ਸਿਟੀ ‘ਚ ਸਥਿਤ ਵਰਲਡ ਟਰੇਡ ਸੈਂਟਰ ਨਾਲ ਟਕਰਾ ਗਿਆ ਸੀ।

ਦੱਸਿਆ ਜਾਂਦਾ ਹੈ ਕਿ ਉਸ ਸਮੇਂ ਉਸ ਜਹਾਜ਼ ‘ਚ 37,854 ਲੀਟਰ ਤੇਲ ਸੀ। ਜਿਵੇਂ ਹੀ ਜਹਾਜ਼ ਇਮਾਰਤ ਨਾਲ ਟਕਰਾਇਆ, ਫਿਊਲ ਟੈਂਕ ਫਟ ਗਿਆ, ਜਿਸ ਕਾਰਨ ਇਮਾਰਤ ਦਾ ਕੁਝ ਹਿੱਸਾ ਡਿੱਗ ਗਿਆ ਅਤੇ ਬਾਕੀ ਹਿੱਸੇ ਨੂੰ ਭਿਆਨਕ ਅੱਗ ਲੱਗ ਗਈ।

11 ਸਤੰਬਰ 2001 ਨੂੰ 19 ਅ.ਤਿ.ਵਾ.ਦੀਆਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਸੀ। ਪਹਿਲੇ ਦੋ ਜਹਾਜ਼ ਨਿਊਯਾਰਕ ਸਿਟੀ ‘ਚ ਵਰਲਡ ਟਰੇਡ ਸੈਂਟਰ ਦੇ ਟਵਿਨ ਟਾਵਰਾਂ ਨਾਲ ਟਕਰਾ ਗਏ। ਇਸ ਤੋਂ ਬਾਅਦ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ‘ਤੇ ਤੀਜੇ ਹਵਾਈ ਜਹਾਜ਼ ਨਾਲ ਹਮਲਾ ਕੀਤਾ ਗਿਆ। ਚੌਥੇ ਜਹਾਜ਼ ਦੇ ਯਾਤਰੀਆਂ ਨੇ ਦਲੇਰੀ ਦਿਖਾਈ ਅਤੇ ਅ.ਤਿ.ਵਾ.ਦੀਆਂ ਨਾਲ ਭਿੜ ਗਏ | ਜਿਸਦੇ ਚੱਲਦੇ ਜਹਾਜ਼ ਪੇਨਸਿਲਵੇਨੀਆ ਦੇ ਪੇਂਡੂ ਖੇਤਰ ‘ਚ ਕ੍ਰੈਸ਼ ਹੋ ਗਿਆ।

9/11 (9/11 Attack) ਦੇ ਇਨ੍ਹਾਂ ਚਾਰ ਹਮਲਿਆਂ ‘ਚ 3000 ਤੋਂ ਵੱਧ ਜਣਿਆਂ ਦੀ ਜਾਨ ਚਲੀ ਗਈ ਸੀ, ਇਨ੍ਹਾਂ ‘ਚ ਇਕੱਲੇ ਵਰਲਡ ਟਰੇਡ ਸੈਂਟਰ ‘ਚ 2,603 ​​ਜਣਿਆਂ ਦੀ ਜਾਨ ਚਲੀ ਗਈ ਸੀ ।ਅਮਰੀਕੀ ਖੁਫੀਆ ਏਜੰਸੀ ਨੇ ਜਾਂਚ ‘ਚ ਕਿਹਾ ਕਿ ਇਸ ਹਮਲੇ ਪਿੱਛੇ ਅ.ਤਿ.ਵਾ.ਦੀ ਸੰਗਠਨ ਅਲਕਾਇਦਾ ਅਤੇ ਉਸ ਦੇ ਆਗੂ ਓਸਾਮਾ ਬਿਨ ਲਾਦੇਨ ਦਾ ਹੱਥ ਹੈ।

ਉਸ ਵੇਲੇ ਉਦੋਂ ਓਸਾਮਾ ਬਿਨ ਲਾਦੇਨ ਨੇ ਜ਼ਿੰਮੇਵਾਰੀ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਪਰ 2004 ‘ਚ ਓਸਾਮਾ ਬਿਨ ਲਾਦੇਨ ਨੇ ਇੱਕ ਵੀਡੀਓ ਜਾਰੀ ਕਰਕੇ 9/11 ਦੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਸੀ। ਇਸ ਹਮਲੇ ਦੀਆਂ ਕੁਝ ਤਸਵੀਰਾਂ ਅੱਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਕੀ ਤੁਹਾਨੂੰ ਪਤਾ ਹੈ ਕਿ ਇਹ ਤਸਵੀਰਾਂ ਕਿਸ ਵਿਅਕਤੀ ਨੇ ਲਈਆਂ ਸਨ | ਇਹ ਤਸਵੀਰਾਂ ਬਿਲ ਬਿਗਾਰਟ ਦੀਆਂ ਹਨ |

ਬਿਲ ਬਿਗਾਰਟ ਨੇ ਰਲਡ ਟ੍ਰੇਡ ਸੈਂਟਰ ਦੇ ਜੁੜਵਾਂ ਟਾਵਰ ਡਿੱਗਦੇ ਪਲ ਦੀਆਂ ਤਸਵੀਰਾਂ ਆਪਣੇ ਕੈਮਰੇ ‘ਚ ਕੈਦ ਕਰ ਲਈਆਂ ਸਨ | ਉਨ੍ਹਾਂ ਦੀਆਂ ਤਸਵੀਰਾਂ ਅਤੇ ਕੰਮ ਅੱਜ ਦੁਨੀਆਂ ‘ਚ ਅਮਰ ਹੈ |

ਆਖਿਰ ਕੌਣ ਸੀ ਬਿਲ ਬਿਗਾਰਟ ?

 

ਬਿਲ ਬਿਗਾਰਟ (Bill Biggart) ਇੱਕ ਅਮਰੀਕੀ ਫੋਟੋ ਜਰਨਲਿਸਟ ਸਨ ਅਤੇ ਅਕਸਰ ਹੀ ਉਹ ਜੰਗਾਂ, ਸਮਾਜਿਕ ਅੰਦੋਲਨਾਂ ਅਤੇ ਆਫ਼ਤਾਂ ਦੀਆਂ ਤਸਵੀਰਾਂ ਖਿੱਚਦਾ ਸੀ। ਜਿਸ ਦਿਨ 11 ਸਤੰਬਰ, 2001 ਨੂੰ ਜਦੋਂ ਨਿਊਯਾਰਕ ‘ਚ ਵਰਲਡ ਟਰੇਡ ਸੈਂਟਰ ‘ਤੇ ਹਮਲਾ ਹੋਇਆ, ਬਿਲ ਬਿਗਾਰਟ ਆਪਣੀ ਘਰਵਾਲੀ ਵੈਂਡੀ ਡੋਰੇਮਸ ਅਤੇ ਕੁੱਤੇ ਨਾਲ ਡਾਊਨਟਾਊਨ ਮੈਨਹਟਨ ਦੀਆਂ ਗਲੀਆਂ ‘ਚੋਂ ਲੰਘ ਰਿਹਾ ਸੀ।

ਇਸ ਦੌਰਾਨ ਬਿਗਾਰਟ ਦਿਨ ਘਰਵਾਲੀ ਦਾ ਧਿਆਨ ਅਸਮਾਨ ‘ਚ ਛਾਏ ਧੂੰਏ ਵੱਲ ਗਿਆ, ਉੱਥੇ ਇੱਕ ਟੈਕਸੀ ਡਰਾਈਵਰ ਨੇ ਬਿਲ ਬਿਗਾਰਟ ਨੂੰ ਦੱਸਿਆ ਕਿ ਇੱਕ ਜਹਾਜ਼ ਵਰਲਡ ਟ੍ਰੇਡ ਸੈਂਟਰ ‘ਚ ਕ੍ਰੈਸ਼ ਹੋ ਗਿਆ ਹੈ। ਬਿਲ ਬਿਗਾਰਟ ਮੌਕੇ ਤੋਂ ਭੱਜਿਆ ਅਤੇ ਉਸ ਜਗ੍ਹਾ ‘ਤੇ ਜਾ ਪੁੱਜਾ | ਉੱਥੇ ਬਿਗਾਰਟ ਨੇ ਕਰੀਬ 6 ਰੋਲ ਸ਼ੂਟ ਕੀਤੇ ਸਨ ਅਤੇ 150 ਤੋਂ ਵੱਧ ਤਸਵੀਰਾਂ ਆਪਣੇ ਕੈਮਰੇ ‘ਚ ਕੈਦ ਕਰ ਲਈਆਂ |

ਹਰ ਪਾਸੇ ਹਫੜਾ-ਦਫੜੀ ਦਾ ਮਾਹੌਲ ਸੀ, ਬਿਗਾਰਟ ਦੇ ਇਸ ਤਰ੍ਹਾਂ ਜਾਣ ਨਾਲ ਉਸਦੀ ਘਰਵਾਲੀ ਚਿੰਤਤ ਸੀ | ਪਰ ਬਿਗਾਰਟ ਨੇ ਫੋਨ ‘ਤੇ ਆਪਣੀ ਘਰਵਾਲੀ ਨੂੰ ਭਰੋਸਾ ਦਿੱਤਾ ਕਿ ਉਹ ਠੀਕ ਹੈ ਅਤੇ ਚਿੰਤਾ ਨਾ ਕਰੇ, ਉਹ ਛੇਤੀ ਵਾਪਸ ਆ ਜਾਵੇਗਾ | ਦੱਸਿਆ ਜਾਂਦਾ ਹੈ ਕਿ ਜਦੋਂ ਬਿਲ ਬਿਗਾਰਟ ਨੇ ਆਖਰੀ ਫੋਟੋ ਲਈ, ਉੱਤਰੀ ਟਾਵਰ ਡਿੱਗਣ ਵਾਲਾ ਸੀ | ਇਸ ਦੌਰਾਨ ਬਿਲ ਬਿਗਾਰਟ ਨੂੰ ਆਪਣੀ ਜਾਨ ਨਾਲ ਹੱਥ ਧੋਣਾ ਪਿਆ | ਬਦਕਿਸਮਤੀ ਨਾਲ ਬਿਲ ਬਿਗਾਰਟ ਇਮਾਰਤ ਦੇ ਮਲਬੇ ਦੀ ਲਪੇਟ ‘ਚ ਆ ਗਿਆ ਸੀ। ਬਿਲ ਬਿਗਾਰਟ 9/11 ਦੇ ਹਮਲਿਆਂ ਦੀ ਕਵਰੇਜ ਕਰਦੇ ਸਮੇਂ ਮਰਨ ਵਾਲੇ ਇਕਲੌਤੇ ਫੋਟੋ ਜਰਨਲਿਸਟ ਸਨ।

ਇਸ ਘਟਨਾ (9/11 Attack) ਤੋਂ ਬਾਅਦ ਬਿਲ ਬਿਗਗਾਰਟ ਦਾ ਕੈਮਰਾ ਮਲਬੇ ‘ਚੋਂ ਬਰਾਮਦ ਕੀਤਾ ਗਿਆ, ਜਿਸ ‘ਚ ਉਹਨਾਂ ਆਖਰੀ ਪਲਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਮਿਲੀਆਂ ਸਨ। ਇਹ ਤਸਵੀਰਾਂ ਬਾਅਦ ‘ਚ ਜਨਤਕ ਕੀਤੀਆਂ ਗਈਆਂ ਸਨ |

ਬਿਲ ਬਿਗਗਾਰਟ ਦੇ ਪਰਿਵਾਰ ਅਤੇ ਦੋਸਤਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਵਿਰਾਸਤ ਵਜੋਂ ਸੰਭਾਲ ਕੇ ਰੱਖੀਆਂ ਹਨ। ਬਿਲ ਬਿਗਗਾਰਟ ਦੀ ਫੋਟੋਗ੍ਰਾਫੀ ਨਾ ਸਿਰਫ 9/11 ਦੇ ਹਮਲੇ ਦੇ ਦੁਖਦਾਈ ਪਲ ਨੂੰ ਕੈਪਚਰ ਕਰਦੀ ਹੈ, ਬਲਕਿ ਉਸਦੀ ਹਿੰਮਤ ਅਤੇ ਸਮਰਪਣ ਨੂੰ ਵੀ ਦਰਸਾਉਂਦੀ ਹੈ। ਉਸਦੀ ਆਖਰੀ ਵਾਇਰਲ ਤਸਵੀਰ ਦੁਨੀਆ ਨੂੰ ਯਾਦ ਦਿਵਾਉਂਦੀ ਹੈ ਕਿ ਕਿਵੇਂ ਉਸਨੇ ਆਪਣੀ ਜਾਨ ਜੋਖਮ ‘ਚ ਪਾ ਕੇ ਸੱਚਾਈ ਨੂੰ ਕੈਮਰੇ ‘ਚ ਕੈਦ ਕੀਤਾ।

Exit mobile version