Site icon TheUnmute.com

8 ਮਈ 1835: ਕੁੰਵਰ ਬਿਕਰਮਾ ਸਿੰਘ ਦੀ ਬਰਸੀ ‘ਤੇ..

ਕੁੰਵਰ ਬਿਕਰਮਾ ਸਿੰਘ

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਹੱਥੀਂ ਲੱਗਾ ਬੂਟਾ ‘ਰਿਆਸਤ ਕਪੂਰਥਲਾ‘ । ਇਸਦੇ ਮੁਖੀ ਸ.ਨਿਹਾਲ ਸਿੰਘ ਦੇ ਦੋ ਵਹੁਟੀਆਂ ਸਨ ; ਛੋਟੀ ਬੀਬੀ ਹੀਰਾਂ ਸੀ (ਇਹਨਾਂ ਦੇ ਨਾਮ ਤੇ ਜਲੰਧਰ ਇਕ ਗੇਟ ਦਾ ਨਾਮ ਹੈ , ਮਾਈ ਹੀਰਾਂ ਗੇਟ); ਇਸ ਬੀਬੀ ਦੀ ਕੁੱਖੋਂ ਹੀ 1835 ਈਸਵੀ ਵਿਚ ਕੁੰਵਰ ਬਿਕਰਮਾ ਸਿੰਘ ਦਾ ਜਨਮ ਹੋਇਆ। ਕੁੰਵਰ ਬਚਪਨ ਤੋਂ ਦੁਨਿਆਵੀ ਪੜ੍ਹਾਈ ਲਿਖਾਈ ਤੇ ਧਾਰਮਿਕ ਵਿੱਦਿਆ ਵਿਚ ਸੋਹਣਾ ਸੀ ।ਇਸਨੂੰ ਅੰਗਰੇਜ਼ੀ , ਪੰਜਾਬੀ, ਸੰਸਕ੍ਰਿਤ, ਫ਼ਾਰਸੀ ਤੇ ਪੂਰਾ ਆਬੂਰ ਹਾਸਲ ਸੀ ।

ਕਪੂਰਥਲਾ ਰਿਆਸਤ ਵਿਚ ਫ੍ਰੈਂਚ ਸ਼ੈਲੀ ਦਾ ਪਹਿਲਾ ਮਕਾਨ ਵੀ ਇਸਨੇ ਹੀ ਬਣਵਾਇਆ ਸੀ । 1857 ਵਿਚ ਜਦ ਦਿੱਲੀ ਤੇ ਅੰਗਰੇਜ਼ਾਂ ਦੀ ਫ਼ਤਹ ਹੋਈ ਤਾਂ ਦਿੱਲੀ ਦਰਬਾਰ ਦੇ ਦਰ ਦਰ ਰੁਲਦੇ ਸੰਗੀਤਕਾਰਾਂ ਨੂੰ ਬਿਕਰਮਾ ਸਿੰਘ ਨੇ ਹੀ ਆਪਣੇ ਕੋਲ ਕਪੂਰਥਲੇ ਥਾਂ ਦਿੱਤੀ । ਇਹ ਚੰਗੇ ਸੰਗੀਤ ਦਾ ਰਸੀਆ ਸੀ । ਇਥੋਂ ਹੀ ਕਪੂਰਥਲਾ ਘਰਾਣਾ ਟੁਰਿਆ। ਰਾਜਾ ਨਿਹਾਲ ਸਿੰਘ ਆਪਣਾ ਉਤਰਾਧਿਕਾਰੀ ਬਿਕਰਮਾ ਸਿੰਘ ਨੂੰ ਬਣਾਉਣਾ ਚਾਹੁੰਦਾ ਸੀ , ਪਰ ਅੰਗਰੇਜ਼ਾਂ ਨੇ ਪੇਸ਼ ਨ ਚੱਲਣ ਦਿੱਤੀ ; ਉਹਨਾਂ ਅਨੁਸਾਰ ਵੱਡਾ ਪੁੱਤ ਹੀ ਗੱਦੀ ਤੇ ਬੈਠ ਸਕਦਾ ਸੀ ; ਸੋ ਰਾਜ ਭਾਗ ਦਾ ਮਾਲਕ ਰਣਧੀਰ ਸਿੰਘ ਬਣਿਆ। ਰਣਧੀਰ ਸਿੰਘ ਨੇ ਰਿਆਸਤ ਵਿਚੋਂ ਹਿੱਸਾ ਦੇਣ ਦੀ ਬਜਾਇ ਕਾਫੀ ਵੱਡੀ ਰਕਮ ਬਿਕਰਮਾ ਸਿੰਘ ਨੂੰ ਦਿੱਤੀ ਤੇ ਜਲੰਧਰ ਵੀ ਇਸਨੂੰ ਦੇ ਦਿੱਤਾ।

ਜਲੰਧਰ ਵਿਚ ਬਹੁਤ ਵੱਡਾ ਕਿਲਾ ਉਸਾਰਿਆ ਬਿਕਰਮਾ ਸਿੰਘ ਹੁਣਾ ; ਜੋ ਹੁਣ ਤਾਂ ਨਹੀਂ , ਪਰ ਬਿਕਰਮਪੁਰਾ ਮਹੱਲਾ ਹੈ। ਇਸਤੋਂ ਬਿਨਾਂ ਯੂ ਪੀ ਵਿਚ ਕਾਫੀ ਅਸਟੇਟ ਸੀ। ਇਸਨੂੰ ਅੰਗਰੇਜ਼ੀ ਰਾਜ ਵੱਲੋਂ ਕਾਫੀ ਪਦਵੀਆਂ ਨਾਲ ਨਿਵਾਜਿਆ ਗਿਆ। ਔਰਤਾਂ ਦੀ ਸਿੱਖਿਆ ਤੇ ਸਥਿਤੀ ਨੂੰ ਸੁਧਾਰਨ ਲਈ ਇਹ ਹਮੇਸ਼ਾ ਯਤਨਸ਼ੀਲ ਰਹੇ।ਮਹਾਰਾਜਾ ਦਲੀਪ ਸਿੰਘ ਦੇ ਦਿਲੋਂ ਹਿਤੈਸ਼ੀ ਸਨ ।

ਸਿੱਖੀ ਨੂੰ ਹਰ ਪਾਸੇ ਤੋਂ ਲੱਗ ਰਹੇ ਖੋਰੇ ਨੂੰ ਰੋਕਣ ਲਈ ਅੰਮ੍ਰਿਤਸਰ ਸਾਹਿਬ “ਸ੍ਰੀ ਗੁਰੂ ਸਿੰਘ ਸਭਾ ” ਸੁਸਾਇਟੀ ਹੋਂਦ ਵਿਚ ਆਈ ; ਜੋ ਲਹਿਰ ਹੀ ਬਣ ਗਈ।ਇਸਦੇ ਪਹਿਲੇ ਤਿੰਨ ਵੱਡੇ ਸਰਪ੍ਰਸਤਾਂ ਵਿਚੋਂ ਇਕ ਕੁੰਵਰ ਬਿਕਰਮਾ ਸਿੰਘ ਸਨ (ਦੂਜੇ ਦੋਨੇ ਠਾਕੁਰ ਸਿੰਘ ਸੰਧਾਵਾਲੀਆ ਤੇ ਬਾਬਾ ਖੇਮ ਸਿੰਘ ਬੇਦੀ )। ਗੁਰਮੁਖ ਸਿੰਘ ਜਿਨ੍ਹਾਂ ਦਾ ਸਿੰਘ ਸਭਾ ਲਹਿਰ ਵਿੱਚ ਬਹੁਤ ਉੱਘਾ ਯੋਗਦਾਨ ਹੈ ;ਉਹਨਾਂ ਦੇ ਪਿਤਾ ਜੀ ਕੁੰਵਰ ਬਿਕਰਮਾ ਸਿੰਘ ਕੋਲ ਲੰਗਰਖਾਨੇ ਵਿਚ ਨੌਕਰ ਸਨ; ਪ੍ਰੋਫੈਸਰ ਗੁਰਮੁਖ ਸਿੰਘ ਪਰਵਰਿਸ਼ ਕੁੰਵਰ ਜੀ ਆਪਣੇ ਬੱਚਿਆਂ ਵਾਂਗ ਕੀਤੀ ਤੇ ਡੱਟ ਕੇ ਉਸਦਾ ਸਾਥ ਦਿੱਤਾ।ਸਿੰਘ ਸਭਾ ਲਾਹੌਰ ਦੇ ਸਰਪ੍ਰਸਤਾਂ ਵਿਚੋਂ ਆਪ ਇਕ ਸਨ ।

1882 ਈਸਵੀ ਵਿਚ ਸਿੱਖਾਂ ਦੀ ਉੱਚ ਪੱਧਰੀ ਸਿੱਖਿਆ ਪ੍ਰਣਾਲੀ ਦੀ ਸਥਾਪਤੀ ਲਈ ‘ਖਾਲਸਾ ਕਾਲਜ’ ਖੋਲਣ ਦਾ ਸੁਝਾਅ ਵੀ ਆਪ ਨੇ ਹੀ ਦਿੱਤਾ ਸੀ । 1886 ਈਸਵੀ ਵਿਚ ਲਾਹੌਰ ਅੰਦਰ ਖਾਲਸਾ ਪ੍ਰੈਸ ਦੀ ਸਥਾਪਤੀ ਤੇ ‘ਖਾਲਸਾ ਅਖ਼ਬਾਰ’ ਨਿਕਲਣਾ ਕੁੰਵਰ ਬਿਕਰਮਾ ਸਿੰਘ ਦੀ ਪੰਥ ਪ੍ਰਸਤੀ ਦਾ ਸਬੂਤ ਹਨ। ਜਦ ਬਾਬਾ ਖੇਮ ਸਿੰਘ ਬੇਦੀ ਹੁਣਾ ਨੇ ਗਿਆਨੀ ਦਿੱਤ ਸਿੰਘ ਹੁਣਾ ਦੀ ਲਿਖ਼ਤ ‘ਸਵਪਨ ਨਾਟਕ ‘ ਕਰਕੇ ਉਹਨਾਂ ਨੂੰ ਅਦਾਲਤਾਂ ਜ਼ਰੀਏ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪ ਗਿਆਨੀ ਦਿੱਤ ਸਿੰਘ ਨਾਲ ਚੱਟਾਨ ਵਾਂਗ ਖਲੋਤੇ ਰਹੇ । ਪੰਥ ਪ੍ਰਸਤੀ ਨਾਲ ਨਕਾਨਕ ਵੱਗਦਾ ਕੁੰਵਰ ਬਿਕਰਮਾ ਸਿੰਘ ਰੂਪੀ ਦਰਿਆ , 8 ਮਈ 1887 ਈਸਵੀ ਨੂੰ ਬ੍ਰਹਮ ਲੀਨ ਹੋ ਗਿਆ । ਇਸ ਮੌਤ ਨੇ ਲਾਹੌਰ ਦੀਵਾਨ ਨੂੰ ਜਿੱਥੇ ਘਾਟਾ ਪਾਇਆ ;ਉਥੇ ਹੀ ਪੰਥਕ ਤਲ ਤੇ ਬਹੁਤ ਵੱਡਾ ਨੁਕਸਾਨ ਹੋਇਆ । ਪੂਰੇ 6 ਸਾਲ ਖਾਲਸਾ ਅਖ਼ਬਾਰ ਬੰਦ ਰਿਹਾ ਸ਼ੁਰੂ ਨ ਹੋ ਸਕਿਆ ।ਇਸ ਅਖ਼ਬਾਰ ਦਾ ਸਿੱਖ ਜਾਗ੍ਰਤੀ ਵਿਚ ਵਿਸ਼ੇਸ਼ ਯੋਗਦਾਨ ਰਿਹਾ ਹੈ ।

Exit mobile version