ਚੰਡੀਗੜ੍ਹ,21 ਨਵੰਬਰ 2023: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਕੇਸ ਵਿੱਚ ਯੰਗ ਇੰਡੀਆ (Young India) ਦੀ 751.9 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਮਨੀ ਲਾਂਡਰਿੰਗ ਦੇ ਮਾਮਲੇ ‘ਚ ਕਾਂਗਰਸ ਨਾਲ ਜੁੜੇ ਯੰਗ ਇੰਡੀਆ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ।
ਇਸ ਮਾਮਲੇ ਵਿੱਚ, ਈਡੀ ਨੇ 3 ਅਗਸਤ 2022 ਨੂੰ ਦਿੱਲੀ ਦੇ ਹੈਰਾਲਡ ਬਿਲਡਿੰਗ ਵਿੱਚ ਸਥਿਤ ਯੰਗ ਇੰਡੀਆ ਕੰਪਨੀ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਪਿਛਲੇ ਸਾਲ 2 ਅਤੇ 3 ਅਗਸਤ ਨੂੰ ਈਡੀ ਦੀ ਟੀਮ ਨੇ ਸਵੇਰ ਤੋਂ ਦੇਰ ਸ਼ਾਮ ਤੱਕ ਦਿੱਲੀ, ਮੁੰਬਈ ਅਤੇ ਕੋਲਕਾਤਾ ਸਮੇਤ ਨੈਸ਼ਨਲ ਹੈਰਾਲਡ ਦੇ 16 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਸੋਨੀਆ ਅਤੇ ਰਾਹੁਲ ਤੋਂ ਪੁੱਛਗਿੱਛ ਤੋਂ ਬਾਅਦ ਕੀਤੀ ਗਈ।
ਜਾਂਚ ਏਜੰਸੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਨੇ ਸੋਨੀਆ ਗਾਂਧੀ, ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਪ੍ਰਧਾਨ ਮਲਿਕਾਅਰਜੁਨ ਖੜਗੇ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ। ਇਸ ਆਧਾਰ ‘ਤੇ ਕਾਰਵਾਈ ਕੀਤੀ ਗਈ। ਈਡੀ ਨੇ ਅੱਗੇ ਕਿਹਾ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਯੰਗ ਇੰਡੀਆ ਕੋਲ ਦਿੱਲੀ, ਮੁੰਬਈ ਅਤੇ ਲਖਨਊ ਵਿੱਚ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਦੀ ਮਲਕੀਅਤ ਵਾਲੀ 661.69 ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਹਨ। ਇਸ ਤੋਂ ਇਲਾਵਾ ਏਜੇਐਲ ਨੇ ਇਸ ਵਿੱਚ 90.21 ਕਰੋੜ ਰੁਪਏ ਦੀ ਗੈਰ-ਕਾਨੂੰਨੀ ਆਮਦਨ ਦਾ ਨਿਵੇਸ਼ ਕੀਤਾ ਹੈ। ਇਹ ਜਾਇਦਾਦ ਅਟੈਚ ਕੀਤੀ ਗਈ ਹੈ।
ਨੈਸ਼ਨਲ ਹੈਰਾਲਡ ਕੇਸ ਕੀ ਹੈ?
ਨੈਸ਼ਨਲ ਹੈਰਾਲਡ ਮਾਮਲਾ ਪਹਿਲੀ ਵਾਰ 2012 ‘ਚ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਉਠਾਇਆ ਸੀ। ਅਗਸਤ 2014 ਵਿੱਚ ਈਡੀ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਅਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ। ਇਸ ਮਾਮਲੇ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਕਾਂਗਰਸ ਦੇ ਮੋਤੀਲਾਲ ਵੋਰਾ, ਆਸਕਰ ਫਰਨਾਂਡੀਜ਼, ਸੈਮ ਪਿਤਰੋਦਾ ਅਤੇ ਸੁਮਨ ਦੂਬੇ ਨੂੰ ਮੁਲਜ਼ਮ ਬਣਾਇਆ ਗਿਆ ਸੀ।