July 4, 2024 9:18 pm
Congress

ਗੁਲਾਮ ਨਬੀ ਆਜ਼ਾਦ ਦੇ ਸਮਰਥਨ ‘ਚ ਸਾਬਕਾ ਡਿਪਟੀ CM ਸਣੇ 64 ਕਾਂਗਰਸ ਨੇਤਾਵਾਂ ਵਲੋਂ ਅਸਤੀਫ਼ਾ

ਚੰਡੀਗੜ੍ਹ 30 ਅਗਸਤ 2022: ਕਾਂਗਰਸ (Congress) ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸਦੇ ਨਾਲ ਹੀ ਕਾਂਗਰਸ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਮਿਲਿਆ ਹੈ | ਜੰਮੂ-ਕਸ਼ਮੀਰ ‘ਚ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਸਣੇ 64 ਕਾਂਗਰਸ ਨੇਤਾਵਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਤਾਰਾ ਚੰਦ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਕਿਸੇ ਦੀ ਨਹੀਂ ਸੁਣਦੀ। ਪਾਰਟੀ ਉਹ ਪ੍ਰੋਜੈਕਟ ਨਹੀਂ ਕਰ ਸਕੀ ਜੋ ਲੋਕਾਂ ਤੱਕ ਪਹੁੰਚਣਾ ਚਾਹੀਦਾ ਸੀ। ਇਹੀ ਕਾਰਨ ਹੈ ਕਿ ਅਸੀਂ ਅੱਜ ਪਾਰਟੀ ਛੱਡ ਕੇ ਗੁਲਾਮ ਨਬੀ ਆਜ਼ਾਦ ਦੇ ਨਾਲ ਰਹਾਂਗੇ।

ਤਾਰਾ ਚੰਦ ਤੋਂ ਇਲਾਵਾ ਸਾਬਕਾ ਮੰਤਰੀ ਚੌਧਰੀ ਘੜੂਰਾਮ, ਅਬਦੁਲ ਮਜੀਦ ਵਾਨੀ, ਮਨੋਹਰ ਲਾਲ ਸ਼ਰਮਾ, ਸਾਬਕਾ ਵਿਧਾਇਕ ਬਲਵਾਨ ਸਿੰਘ ਸਮੇਤ ਕਈ ਹੋਰ ਵੱਡੇ ਆਗੂ ਤੇ ਵਰਕਰ ਵੀ ਪਾਰਟੀ ਛੱਡ ਚੁੱਕੇ ਹਨ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਗੁਲਾਮ ਹੈਦਰ ਮਲਿਕ ਸਮੇਤ ਚਾਰ ਕਾਂਗਰਸੀ ਆਗੂਆਂ ਅਤੇ ਪਾਰਟੀ ਦੇ 12 ਪ੍ਰਮੁੱਖ ਵਰਕਰਾਂ ਨੇ ਵੀ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਇਨ੍ਹਾਂ ਸਾਰੇ ਅਸਤੀਫ਼ਿਆਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਜ਼ਿਆਦਾਤਰ ਆਗੂ ਗੁਲਾਮ ਨਬੀ ਦਾ ਸਮਰਥਨ ਕਰਨਗੇ, ਜਿਨ੍ਹਾਂ ਨੇ ਆਪਣੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ।