Site icon TheUnmute.com

600 ਯੂਨਿਟ ਮੁਫ਼ਤ ਬਿਜਲੀ ਨਾਲ ਸੂਬੇ ਦੇ ਲੱਖਾਂ ਪਰਿਵਾਰਾਂ ਨੂੰ ਮਿਲੇਗਾ ਲਾਭ: ਹਰਭਜਨ ਸਿੰਘ ETO

600 ਯੂਨਿਟ ਮੁਫ਼ਤ ਬਿਜਲੀ

ਚੰਡੀਗੜ੍ਹ 26 ਜੁਲਾਈ 2022: ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਭਾਗ ਨੇ ਇਨ੍ਹਾਂ ਗਰਮੀਆਂ ਵਿੱਚ ਬਿਜਲੀ ਸਪਲਾਈ ਦੇ ਸਾਰੇ ਰਿਕਾਰਡ ਤੋੜ ਕੇ ਨਵੇਂ ਮੀਲ ਪੱਥਰ ਗੱਡੇ ਹਨ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ‘ਉਜਵਲ ਭਾਰਤ ਉਜਵਲ ਭਵਿੱਖ’ ਵਿਸ਼ੇ ਉੱਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਵਾਰ 29 ਜੂਨ ਨੂੰ ਵਿਭਾਗ ਨੇ 14208 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ ਹੈ। ਜੋ ਕਿ ਹੁਣ ਤੱਕ ਦਾ ਰਿਕਾਰਡ ਹੈ।

ਉਨਾਂ ਕਿਹਾ ਕਿ ਸਾਡੀ ਥਰਮਲ ਅਤੇ ਹਾਈਡਰੋ ਉਤਪਾਦਨ 6500 ਮੈਗਾਵਾਟ ਦੇ ਨੇੜ੍ਹੇ ਹੈ ਜਦਕਿ ਬਿਜਲੀ ਦੀ ਬਾਕੀ ਸਪਲਾਈ ਅਸੀਂ ਟਰਾਂਸਮਿਸ਼ਨ ਜ਼ਰੀਏ ਲੈਂਦੇ ਹਾਂ। ਉਨਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਸੂਰਜੀ ਅਤੇ ਪਣ ਬਿਜਲੀ ਉਤਪਾਦਨ ਵਿੱਚ ਵਾਧਾ ਕਰਨ ਲਈ ਯਤਨਸ਼ੀਲ ਹਾਂ। ਉਨਾਂ ਦੱਸਿਆ ਕਿ ਇਸ ਲਈ ਵਿਭਾਗ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਰਿਹਾ ਹੈ ਅਤੇ ਲੁਧਿਆਣੇ ਜ਼ਿਲੇ ਵਿੱਚ ਇਸ ਦੀ ਸ਼ੁਰੂਆਤ ਵੀ ਕੀਤੀ ਹੈ। ਉਨਾਂ ਕਿਹਾ ਕਿ ਬਿਜਲੀ ਅੱਜ ਸੰਵਿਧਾਨ ਵਲੋਂ ਦਿੱਤੇ ਜੀਵਨ ਦੇ ਅਧਿਕਾਰ ਨੂੰ ਲਾਗੂ ਕਰਨ ਦਾ ਮੁੱਢਲਾ ਜ਼ਰੀਆ ਬਣ ਗਈ ਹੈ, ਕਿਉਂਕਿ ਸਾਡੀ ਪਾਣੀ ਅਤੇ ਹਵਾ ਤੱਕ ਦੀਆਂ ਲੋੜਾਂ ਵੀ ਬਿਜਲੀ ਪੂਰੀ ਕਰਦੀ ਹੈ।

ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਲੋਕਾਂ ਦੀ ਇਹ ਲੋੜ ਮਹਿਸੂਸ ਕਰਦੇ ਹੋਏ ਹਰ ਘਰ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਰਾਜ ਦੇ ਲੱਖਾਂ ਪਰਿਵਾਰਾਂ ਨੂੰ ਲਾਭ ਮਿਲੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਇਹ ਵਾਅਦਾ ਚੋਣਾਂ ਤੋਂ ਪਹਿਲਾ ਪੰਜਾਬੀਆਂ ਨਾਲ ਕੀਤਾ ਸੀ ਜਿਸਨੂੰ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਅੰਦਰ ਹੀ ਲਾਗੂ ਕਰ ਦਿੱਤਾ ਹੈ।

ਹਰਭਜਨ ਸਿੰਘ ਨੇ ਕਿਹਾ ਕਿ ਚੁਣੌਤੀ ਭਰਪੂਰ ਇਹ ਖੇਤਰ ਜਿਸ ਵਿਭਾਗ ਨੂੰ ਪਿਛਲੀਆਂ ਸਰਕਾਰਾਂ ਵਿੱਚ ਕੋਈ ਮੰਤਰੀ ਲੈ ਕੇ ਖੁਸ਼ ਨਹੀਂ ਸੀ, ਦੀ ਚੁਣੌਤੀ ਮੈਂ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਸਵਿਕਾਰ ਕੀਤੀ ਹੈ ਅਤੇ ਇਸ ਵਿੱਚ ਵੱਡੇ ਸੁਧਾਰ ਵੀ ਕਰਾਂਗੇ। ਉਨਾਂ ਕਿਹਾ ਕਿ ਅੱਜ ਪੰਜਾਬ ਅਜਿਹਾ ਸੂਬਾ ਹੈ ਜੋ ਹਰੇਕ ਪਿੰਡ ਦੇ ਨਾਲ ਨਾਲ ਖੇਤਾਂ ਵਿੱਚ ਬਣੇ ਘਰਾਂ ਨੂੰ 24 ਘੰਟੇ ਘਰੇਲੂ ਸਪਲਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਝੋਨੇ ਦੇ ਸੀਜ਼ਨ ਵਿੱਚ ਵੀ ਕਿਸਾਨਾਂ ਨੂੰ ਪੂਰੀ ਬਿਜਲੀ ਦਿੱਤੀ ਜਾ ਰਹੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੇ ਜਾ ਰਹੇ ਕੰਮ ਦੀ ਸਰਹਾਨਾ ਕਰਦੇ ਉਨਾਂ ਦੀ ਪਿੱਠ ਥਾਪੜੀ।  ਸੂਦਨ ਨੇ ਕਿਹਾ ਕਿ ਬਿਜਲੀ ਹੁਣ ਸਾਡੀ ਸਭ ਤੋਂ ਅਹਿਮ ਜ਼ਰੂਰਤ ਹੈ ਅਤੇ ਇਸ ਤੋਂ ਬਿਨਾਂ ਜੀਵਨ ਅਸੰਭਵ ਹੈ। ਇਸ ਮੌਕੇ ਕੈਬਨਿਟ ਮੰਤਰੀ ਦੇ ਧਰਮ ਪਤਨੀ ਸ੍ਰੀਮਤੀ ਸੁਰਿੰਦਰ ਕੌਰ, ਬਾਰਡਰ ਜ਼ੋਨ ਦੇ ਮੁੱਖੀ ਬਾਲਕ੍ਰਿਸ਼ਨ, ਡਿਪਟੀ ਚੀਫ਼ ਰਾਜੀਵ ਪਰਾਸ਼ਰ ਅਤੇ ਹੋਰ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ.ਈ. ਜਤਿੰਦਰ ਸਿੰਘ, ਐਸ.ਈ. ਬਲਕਾਰ ਸਿੰਘ, ਐਸ.ਈ. ਜਗਜੀਤ ਸਿੰਘ, ਐਸ.ਈ. ਰਮਨ ਸ਼ਰਮਾ, ਪੇਡਾ ਦੇ ਜਿਲ੍ਹਾ ਮੈਨੇਜ਼ਰ ਯਸ਼ਪਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Exit mobile version