July 5, 2024 4:20 am
ਸੁਪਰ ਸੀਡਰ ਮਸ਼ੀਨਾਂ

ਮੈਕਸ ਸੁਪਰ ਸਪੈਸ਼ੀਐਲਟੀ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਮੁਹੱਈਆਂ ਕਰਵਾਈਆਂ ਗਈਆਂ 6 ਸੁਪਰ ਸੀਡਰ ਮਸ਼ੀਨਾਂ

ਐਸ.ਏ.ਐਸ ਨਗਰ 21 ਅਕਤੂਬਰ 2022: ਜਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੁੰਦੇ ਵਾਤਾਵਰਣ ਦੇ ਪ੍ਰਦੂਸ਼ਣ ਦੀ ਰੋਕਥਾਮ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਇਨ੍ਹਾਂ ਉਪਰਾਲਿਆਂ ਅਧੀਨ ਪਰਾਲੀ ਦੀ ਸੰਭਾਲ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਜਿਵੇਂ ਕਿ ਸੁਪਰ ਐਸ.ਐਮ.ਐਸ., ਉਲਟਾਵਾਂ ਹੱਲ, ਹੈਪੀ ਸੀਡਰ, ਜੀਰੋ ਟਿੱਲ ਡਰਿੱਲ ਆਦਿ ਕਿਸਾਨ ਗਰੁੱਪਾਂ,ਵਿਅਕਤੀਗਤ ਕਿਸਾਨਾਂ ਨੂੰ ਸਬਸਿਡੀ ਤੇ ਮਹੁੱਈਆ ਕਰਵਾਈਆਂ ਜਾ ਰਹੀਆਂ ਹਨ । ਹਲਕਾ ਵਿਧਾਇਕ ਐਸ.ਐਸ. ਨਗਰ ਕੁਲਵੰਤ ਸਿੰਘ ਵੱਲੋਂ ਅੱਜ ਕਿਸਾਨਾਂ ਨੂੰ 6 ਸੁਪਰ ਸੀਡਰ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆ । ਇਸ ਮੌਕੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਿਸ਼ੇਸ ਤੌਰ ਤੇ ਹਾਜ਼ਰ ਸਨ ।

ਵਧੇਰੇ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਨੇ ਦੱਸਿਆ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵਾਤਾਵਰਣ ਪ੍ਰੇਮੀ ਅਤੇ ਮਨੁੱਖਤਾ ਦਾ ਦਰਦ ਰੱਖਣ ਵਾਲੀਆਂ ਸੰਸਥਾਵਾਂ ਵੱਲੋਂ ਵੀ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਇਸੇ ਲੜੀ ਅਧੀਨ ਮੈਕਸ ਸੁਪਰ ਸਪੈਸ਼ੀਐਲਟੀ ਹਸਪਤਾਲ ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ ਲਗਭਗ 40 ਲੱਖ ਰੁਪਏ ਦੀ ਲਾਗਤ ਨਾਲ 17 ਸੁਪਰ ਸੀਡਰ ਮਸ਼ੀਨਾਂ ਜਿਲ੍ਹਾ ਪ੍ਰਸ਼ਾਸਨ ਰਾਹੀਂ ਸਹਿਕਾਰੀ ਸਭਾਵਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਇਸ ਦੇ ਪਹਿਲੇ ਪੜਾਅ ਅਧੀਨ ਘੜੂੰਆਂ, ਭਾਗੋ ਮਾਜਰਾ, ਦੱਪਰ, ਕੁਰਲੀ, ਹੁਲਕਾ ਅਤੇ ਮਾਣਕਪੁਰ ਪੁਰ ਸਰੀਦ ਦੀਆਂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ 6 ਸੁਪਰ ਸੀਡਰ ਮਸ਼ੀਨਾਂ ਪਿੰਡ ਚੱਪੜ ਚਿੜੀ ਖੁਰਦ ਵਿਖੇ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਸੋਪੀਆਂ ਗਈਆਂ।

ਉਨ੍ਹਾਂ ਦੱਸਿਆ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਸਬੰਧਤ ਕਿਸਾਨ ਮੈਂਬਰਾਂ ਅਤੇ ਹੋਰ ਲੋੜਵੰਦ ਕਿਸਾਨਾਂ ਦੇ ਖੇਤਾਂ ਵਿੱਚ ਪਰਾਲੀ ਦੀ ਸੰਭਾਲ ਕੀਤੀ ਜਾਵੇਗੀ ਅਤੇ ਆਉਣ ਵਾਲੇ ਹਾੜ੍ਹੀ ਸੀਜਨ ਦੌਰਾਨ ਕਣਕ ਦੀ ਬਿਜਾਈ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆ ਘਟਨਾਵਾਂ ਦੀ ਰੋਕਥਾਮ ਅਤੇ ਵਾਤਾਵਰਣ ਦੀ ਸੰਭਾਲ ਲਈ ਸਰਕਾਰ ਵੱਲੋਂ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾ ਕੇ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਖੇਤੀ ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ਤੇ ਦਿੱਤੀ ਜਾ ਰਹੀ ਹੈ ।

ਅਮਿਤ ਤਲਵਾੜ ਆਈ.ਏ.ਐਸ , ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਕਿਸਾਨਾਂ ਵੱਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਪਰਾਲੀ ਦੀ ਸੰਭਾਲ ਕੀਤੀ ਜਾ ਰਹੀ ਹੈ ਜਿਸ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਵਾਤਵਰਣ ਨੂੰ ਸ਼ੁੱਧ ਰੱਖਣ ਵਿੱਚ ਕਿਸਾਨਾਂ ਵੱਲੋਂ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਇਹ ਦੱਸਿਆ ਕਿ ਸਹਿਕਾਰੀ ਸਭਾਵਾਂ ਨੂੰ ਦਿੱਤੀਆਂ ਜਾ ਰਹੀਆਂ ਸੁਪਰ ਸੀਡਰ ਮਸੀਨਾਂ ਬਿਨ੍ਹਾਂ ਲਾਭ ਤੇ ਹਾਨੀ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ।

ਇਸ ਮੌਕੇ ਸ੍ਰੀਮਤੀ ਅਵਨੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਮਨਵਿੰਦਰ ਸਿੰਘ, ਰਾਕੇਸ ਕਮਾਰ ਨੁੰਮਾਇਦਾ ਮੈਬਰ ਮੈਕਸ ਸੁਪਰ ਸਪੈਸ਼ੀਐਲਟੀ ਹਸਪਤਾਲ ਮੋਹਾਲੀ, ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ.ਨਗਰ ਡਾ. ਗੁਰਬਚਨ ਸਿੰਘ ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸ਼ੀਅਨ ਗੁਰਸ਼ਰਨਦਾਸ ਗਰਗ ,ਸ਼੍ਰੀਮਤੀ ਸੰਧਿਆ ਸ਼ਰਮਾ ਉਪ ਰਜਿਸਟਰਾਰ ਕ੍ਰੋਆਪੇਟਿਵ ਵਿਭਾਗ, ਖੇਤੀਬਾੜੀ, ਸਹਿਕਾਰਤਾ ਵਿਭਾਗ, ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਅਤੇ ਮੈਕਸ ਸੁਪਰ ਸਪੈਸ਼ੀਐਲਟੀ ਹਸਪਤਾਲ ਦੇ ਅਧਿਕਾਰੀਆਂ, ਕਰਮਚਾਰੀਆਂ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।