TheUnmute.com

ਹਲਦਵਾਨੀ ‘ਚ ਭੜਕੀ ਹਿੰਸਾ ਨਾਲ 6 ਜਣਿਆਂ ਦੀ ਮੌਤ ਤੇ 300 ਤੋਂ ਵੱਧ ਜ਼ਖ਼ਮੀ, ਪੈਰਾ ਮਿਲਟਰੀ ਫੋਰਸ ਤਾਇਨਾਤ

ਚੰਡੀਗੜ੍ਹ, 09 ਫਰਵਰੀ 2024: ਉੱਤਰਾਖੰਡ ਦੇ ਹਲਦਵਾਨੀ (Haldwani) ‘ਚ ਭੜਕੀ ਹਿੰਸਾ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਜਦੋਂ ਮੁਸਲਿਮ ਪ੍ਰਭਾਵ ਵਾਲੇ ਇਲਾਕੇ ਬਨਭੁਲਪੁਰਾ ‘ਚ ਸਰਕਾਰੀ ਜ਼ਮੀਨ ‘ਤੇ ਬਣੇ ਕਥਿਤ ਗੈਰ-ਕਾਨੂੰਨੀ ਮਦਰੱਸੇ ਨੂੰ ਢਾਹੁਣ ਗਈ ਟੀਮ ‘ਤੇ ਹਮਲਾ ਕੀਤਾ ਗਿਆ। ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਮੀਡੀਆ ਕਰਮੀਆਂ ਸਮੇਤ ਲਗਭਗ 300 ਤੋਂ ਵੱਧ ਜਣੇ ਜ਼ਖ਼ਮੀ ਹਨ ਅਤੇ 6 ਜਣਿਆਂ ਦੀ ਮੌਤ ਦੀ ਖ਼ਬਰ ਹੈ। ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਪੈਰਾ ਮਿਲਟਰੀ ਫੋਰਸ ਦੀਆਂ ਚਾਰ ਕੰਪਨੀਆਂ ਨੂੰ ਬੁਲਾਇਆ ਗਿਆ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੰਟਰਨੈੱਟ ਬੰਦ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਹਲਦਵਾਨੀ ‘ਚ ਭੜਕੀ ਹਿੰਸਾ ਤੋਂ ਬਾਅਦ ਸਥਿਤੀ ਗੰਭੀਰ ਹੋ ਗਈ ਹੈ। ਘਟਨਾ ਤੋਂ ਬਾਅਦ ਪੈਰਾ ਮਿਲਟਰੀ ਫੋਰਸ ਦੀਆਂ ਚਾਰ ਕੰਪਨੀਆਂ ਨੂੰ ਬੁਲਾਇਆ ਗਿਆ ਹੈ। ਤਣਾਅ ਦੇ ਮੱਦੇਨਜ਼ਰ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ। ਉੱਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂੜੀ ਨੇ ਕਿਹਾ, “ਅਸੀਂ ਇੱਥੇ ਇੱਕ ਬੈਠਕ ਕੀਤੀ ਅਤੇ ਸਥਿਤੀ ਦਾ ਪੂਰੀ ਤਰ੍ਹਾਂ ਨਿਰੀਖਣ ਕੀਤਾ ਹੈ । ਸਰਕਾਰ ਦਾ ਵੀ ਇਹੀ ਵਿਚਾਰ ਹੈ ਕਿ ਅਮਨ-ਕਾਨੂੰਨ ਬਹਾਲ ਕੀਤੀ ਜਾਵੇਗੀ, ਦੇਸ਼ ਦਾ ਕਾਨੂੰਨ ਲਾਗੂ ਹੋਵੇਗਾ। ਇਸਦੇ ਨਾਲ ਹੀ ਸਥਿਤੀ ‘ਤੇ ਛੇਤੀ ਕਾਬੂ ਲਿਆ ਜਾਵੇਗਾ |

Image

ਵੰਦਨਾ ਸਿੰਘ ਨੇ ਦੱਸਿਆ ਕਿ ਸਕੂਲ ਅਤੇ ਕਾਲਜ ਬੰਦ ਹਨ। ਅਰਧ ਸੈਨਿਕ ਬਲ ਅਤੇ ਪੀਏਸੀ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਹਮਲੇ ਬਾਰੇ ਜਾਣਕਾਰੀ ਦਿੰਦਿਆਂ ਡੀਐਮ ਨੇ ਦੱਸਿਆ ਕਿ ਭੀੜ ਨੇ ਵਾਹਨਾਂ ਅਤੇ ਟਰਾਂਸਫਾਰਮਰਾਂ ਨੂੰ ਸਾੜ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਹਮਲਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ। ਕਬਜ਼ੇ ਹਟਾਉਣ ਦੀ ਕਾਰਵਾਈ ਸ਼ਾਂਤਮਈ ਢੰਗ ਨਾਲ ਸ਼ੁਰੂ ਹੋਈ। ਸਾਵਧਾਨੀ ਦੇ ਤੌਰ ‘ਤੇ ਫੋਰਸ ਤਾਇਨਾਤ ਕੀਤੀ ਗਈ ਸੀ। ਸਾਡੀ ਟੀਮ ਨੇ ਕਿਸੇ ਨੂੰ ਨਹੀਂ ਭੜਕਾਇਆ ਅਤੇ ਕੋਈ ਤਾਕਤ ਨਹੀਂ ਵਰਤੀ ਗਈ।

ਵੰਦਨਾ ਸਿੰਘ ਨੇ ਕਿਹਾ, “ਹਲਦਵਾਨੀ (Haldwani) ਦੇ ਵੱਖ-ਵੱਖ ਇਲਾਕਿਆਂ ਵਿੱਚ ਕਬਜ਼ੇ ਹਟਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਚੌਰਾਹਿਆਂ ਅਤੇ ਸੜਕਾਂ ਨੂੰ ਚੌੜਾ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਲੋਕਾਂ ਨੂੰ ਨੋਟਿਸ ਦਿੱਤੇ ਗਏ ਸਨ ਅਤੇ ਇੱਕ ਕਮੇਟੀ ਬਣਾਈ ਗਈ ਸੀ। ਕੁਝ ਲੋਕਾਂ ਨੇ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਸੀ। ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਕਿਸੇ ਇੱਕ ਚੀਜ਼ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤੀ ਗਈ। ਅਸੀਂ ਲੰਬੇ ਸਮੇਂ ਤੋਂ ਸਰਕਾਰੀ ਜ਼ਮੀਨ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਯਤਨਸ਼ੀਲ ਸੀ।”

Exit mobile version