Site icon TheUnmute.com

55,000 ਕਰੋੜ ਰੁਪਏ ਦੀ ਲਾਗਤ ਵਾਲੇ ਕੌਮੀ ਮਾਰਗਾਂ ਤੇ ਹੋਰ ਸੜਕੀ ਪ੍ਰਾਜੈਕਟਾਂ ਨਾਲ ਪੰਜਾਬ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ

ਸੜਕੀ ਪ੍ਰਾਜੈਕਟਾਂ

ਚੰਡੀਗੜ੍ਹ 13 ਜੁਲਾਈ 2022: ਸੂਬੇ ਵਿੱਚ ਸੜਕੀ ਨੈੱਟਵਰਕ ਨੂੰ ਮਜ਼ਬੂਤੀ ਦੇਣ ਅਤੇ ਹੋਰ ਬਿਹਤਰ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ 55,000 ਕਰੋੜ ਰੁਪਏ ਦੀ ਲਾਗਤ ਨਾਲ 1288 ਕਿਲੋਮੀਟਰ ਲੰਬਾਈ ਵਾਲੇ 32 ਵੱਡੇ ਸੜਕੀ ਪ੍ਰਾਜੈਕਟਾਂ ‘ਤੇ ਕੰਮ ਕਰ ਰਹੀ ਹੈ।

ਇਹ ਪ੍ਰਗਟਾਵਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਲੋਕ ਨਿਰਮਾਣ ਵਿਭਾਗ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਕੈਬਨਿਟ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਲੋਕ ਹਿੱਤਾਂ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।

ਮੰਤਰੀ ਨੂੰ ਦੱਸਿਆ ਗਿਆ ਕਿ ਐਨ.ਐਚ.ਏ.ਆਈ. ਸੂਬੇ ਵਿੱਚ ਨਵੇਂ ਸੜਕੀ ਪ੍ਰਾਜੈਕਟਾਂ ‘ਤੇ ਕੰਮ ਕਰ ਰਹੀ ਹੈ, ਜਿਸ ਵਿੱਚ 1286 ਕਿਲੋਮੀਟਰ ਗ੍ਰੀਨਫੀਲਡ ਅਤੇ 505 ਕਿਲੋਮੀਟਰ ਬਰਾਊਨਫੀਲਡ ਸੜਕੀ ਪ੍ਰਾਜੈਕਟ ਸ਼ਾਮਲ ਹਨ ਅਤੇ 1288 ਕਿਲੋਮੀਟਰ ਦੇ 32 ਪ੍ਰਾਜੈਕਟਾਂ ਲਈ ਲਗਭਗ 55,000 ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 8 ਪ੍ਰਾਜੈਕਟ ਪ੍ਰਗਤੀ ਅਧੀਨ ਹਨ ਜਦਕਿ ਬਾਕੀ ਪ੍ਰਾਜੈਕਟਾਂ ਦੇ ਸ਼ੁਰੂ ਹੋਣ ਦੀ ਮਿਤੀ ਛੇਤੀ ਹੀ ਨਿਸ਼ਚਿਤ ਕੀਤੀ ਜਾਵੇਗੀ।

ਇਸ ਤੋਂ ਇਲਾਵਾ, ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ਤੋਂ ਜੰਡਿਆਲਾ ਗੁਰੂ ਬਾਈਪਾਸ ਰਾਹੀਂ ਤਰਨਤਾਰਨ, ਸਰਬਪੱਖੀ ਸੜਕੀ ਵਿਕਾਸ ਤਹਿਤ ਸੂਬੇ ਦੇ ਸੜਕੀ ਨੈੱਟਵਰਕ ਦਾ ਵਿਕਾਸ, ਸੁਲਤਾਨਪੁਰ ਲੋਧੀ ਨੂੰ ਬਿਆਸ ਨਾਲ ਜੋੜਨ ਦੀਆਂ ਸੰਭਾਵਨਾਵਾਂ ਤਲਾਸ਼ਣਾ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਧਾਰਮਿਕ ਅਸਥਾਨਾਂ ਤੱਕ ਆਸਾਨੀ ਨਾਲ ਪਹੁੰਚ ਪ੍ਰਦਾਨ ਕੀਤੀ ਜਾ ਸਕੇ, ਅੰਮ੍ਰਿਤਸਰ-ਮਹਿਤਾ-ਸ੍ਰੀ ਹਰਗੋਬਿੰਦਪੁਰ, ਬਾਬਾ ਬਕਾਲਾ-ਮਹਿਤਾ-ਬਟਾਲਾ ਅਤੇ ਅੰਮ੍ਰਿਤਸਰ-ਰਮਦਾਸ-ਡੇਰਾ ਬਾਬਾ ਨਾਨਕ ਕੌਮੀ ਮਾਰਗਾਂ ਦੀ ਮੁਰੰਮਤ ਦੀ ਘਾਟ, ਲੁਧਿਆਣਾ/ਰਾਜਪੁਰਾ, ਜੰਡਿਆਲਾ ਗੁਰੂ, ਦਬੁਰਜੀ ਅਤੇ ਹੋਰ ਸੜਕਾਂ ਦੀ ਮਾੜੀ ਹਾਲਤ ਤੋਂ ਇਲਾਵਾ ਵੱਖ-ਵੱਖ ਥਾਵਾਂ ‘ਤੇ ਸਰਵਿਸ ਰੋਡਜ਼ ‘ਤੇ ਪਾਣੀ ਭਰਨ, ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ ‘ਤੇ ਵਾਹਨਾਂ ਲਈ ਅੰਡਰਪਾਸ ਅਤੇ ਫਲਾਈਓਵਰਾਂ ਦੀ ਉਸਾਰੀ, ਕੌਮੀ ਮਾਰਗਾਂ ਨਾਲ ਲੱਗਦੇ ਬਦਲਵੇਂ ਰੂਟਾਂ ਦੇ ਰੱਖ-ਰਖਾਅ ਦੀ ਕਮੀ ਅਤੇ ਸੜਕ ਸੁਰੱਖਿਆ ਕਾਰਜਾਂ ਸਬੰਧੀ ਵਿਸਥਾਰ ਸਹਿਤ ਚਰਚਾ ਕੀਤੀ ਗਈ।

ਕੈਬਨਿਟ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਰਾਹਗੀਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੜਕਾਂ ਦੇ ਨੇੜੇ ਤੋਂ ਕਬਜ਼ੇ ਹਟਾਏ ਜਾਣ। ਉਨ੍ਹਾਂ ਢੁਕਵੇਂ ਅਗਾਊਂ ਚੇਤਾਵਨੀ ਸੰਕੇਤਾਂ ਅਤੇ ਡਰੇਨੇਜ ਪ੍ਰਣਾਲੀ ਦਰੁਸਤ ਕਰਕੇ ਬਦਲਵੇਂ ਰੂਟਾਂ ਨੂੰ ਦਰੁਸਤ ਕਰਨ ਸਣੇ ਟੋਲ ਪਲਾਜ਼ਿਆਂ ‘ਤੇ ਦੋ/ਤਿੰਨ ਪਹੀਆ ਵਾਹਨਾਂ ਲਈ ਨਿਰਧਾਰਤ ਸੜਕਾਂ ਦੀ ਮੁਰੰਮਤ ਦੇ ਨਿਰਦੇਸ਼ ਦਿੱਤੇ।

Exit mobile version