ਚੰਡੀਗੜ੍ਹ, 26 ਅਗਸਤ 2024: ਰੋਪੜ ਦੇ ਰਹਿਣ ਵਾਲੇ 5 ਸਾਲਾ ਬੱਚੇ ਨੇ ਪੰਜਾਬ ਅਤੇ ਦੇਸ਼ ਦਾ ਨਾਂ ਦੁਨੀਆ ਭਰ ‘ਚ ਚਮਕਾਇਆ ਹੈ | 5 ਸਾਲਾ ਤੇਗਬੀਰ ਸਿੰਘ (Teghbir Singh) ਨੇ ਨਵਾਂ ਰਿਕਾਰਡ ਬਣਾਇਆ ਹੈ। ਤੇਗਬੀਰ ਕਿਲੀਮੰਜਾਰੋ ਪਹਾੜ ‘ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ ਬਣ ਗਿਆ ਹੈ। ਕਿਲੀਮੰਜਾਰੋ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤਨਜ਼ਾਨੀਆ ‘ਚ 19340 ਫੁੱਟ (5895 ਮੀਟਰ) ਤੋਂ ਵੱਧ ਦੀ ਉਚਾਈ ‘ਤੇ ਸਥਿਤ ਹੈ।
ਤੇਗਬੀਰ ਸਿੰਘ (Teghbir Singh) ਨੇ 18 ਅਗਸਤ ਨੂੰ ਮਾਊਂਟ ਕਿਲੀਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ ਅਤੇ 23 ਅਗਸਤ ਨੂੰ ਪਹਾੜ ਦੀ ਸਭ ਤੋਂ ਉੱਚੀ ਚੋਟੀ ਉਹੁਰੂ ਤੱਕ ਪੈਦਲ ਚੱਲੇ । ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਐਕਸ ‘ਤੇ ਪੋਸਟ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਡੀਜੀਪੀ ਨੇ ਕਿਹਾ ਕਿ ਤੇਗਬੀਰ ਦੀ ਦ੍ਰਿੜਤਾ ਅਤੇ ਲਚਕੀਲਾਪਣ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ।