July 7, 2024 7:58 pm
Canada

ਕੈਨੇਡੀਅਨ ਪੁਲਿਸ ਵਲੋਂ ਤਿੰਨ ਪੰਜਾਬੀ ਨੌਜਵਾਨਾਂ ਸਣੇ 5 ਨਸ਼ਾ ਤਸਕਰ ਗ੍ਰਿਫਤਾਰ, 25 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਬਰਾਮਦ

ਚੰਡੀਗੜ੍ਹ 28 ਅਕਤੂਬਰ 2022: ਕੈਨੇਡੀਅਨ ਪੁਲਿਸ ਨੇ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਵਿੱਚੋਂ 3 ਪੰਜਾਬੀ ਨੌਜਵਾਨ ਹਨ। ਪੰਜਾਬੀ ਨੌਜਵਾਨਾਂ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਚੀਨੀ ਮੂਲ ਦਾ ਅਤੇ ਦੂਜਾ ਪਾਕਿਸਤਾਨੀ ਮੂਲ ਦਾ ਹੈ। ਕੈਨੇਡੀਅਨ ਪੁਲਿਸ ਨੇ ਕਿਹਾ ਹੈ ਕਿ ਪੁਲਿਸ ਪਿਛਲੇ ਇੱਕ ਸਾਲ ਤੋਂ ਇਹਨਾਂ ਲੋਕਾਂ ਦਾ ਪਿੱਛਾ ਕਰ ਰਹੀ ਸੀ ਅਤੇ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਕੋਲੋਂ 25 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ 70,000 ਡਾਲਰ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਪੰਜਾਬੀ ਨੌਜਵਾਨਾਂ ਵਿੱਚ ਜਸਪ੍ਰੀਤ ਸਿੰਘ (ਬਰੈਂਪਟਨ), ਰਵਿੰਦਰ ਬੋਪਾਰਾਏ (ਮਿਸੀ ਸਾਗਾ), ਗੁਰਦੀਪ ਗਾਖਲ (ਕੈਲਡੌਨ) ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਲੋਕ ਟਰਾਂਸਪੋਰਟ ਦਾ ਧੰਦਾ ਕਰਦੇ ਸਨ ਅਤੇ ਅਮਰੀਕਾ ਤੋਂ ਟਰਾਂਸਪੋਰਟ ਰਾਹੀਂ ਕੈਨੇਡਾ ਵਿੱਚ ਨਸ਼ੇ ਦੀ ਤਸਕਰੀ ਕਰਦੇ ਸਨ। ਪੁਲਿਸ ਨੂੰ ਇਨ੍ਹਾਂ ਬਾਰੇ ਪਤਾ ਲੱਗ ਗਿਆ ਸੀ ਅਤੇ ਕੈਨੇਡੀਅਨ ਇਨਫੋਰਸਮੈਂਟ ਬਿਊਰੋ ਵੱਲੋਂ ਉਨ੍ਹਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਦੂਜੇ ਪਾਸੇ ਪੰਜਾਬ ਪੁਲਿਸ ਨੇ ਕੈਨੇਡੀਅਨ ਪੁਲਿਸ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ‘ਚ ਬੈਠੇ ਕੁਝ ਪੰਜਾਬੀ ਨੌਜਵਾਨ ਪੰਜਾਬ ਦੇ ਨਸ਼ਾ ਤਸਕਰਾਂ ਨਾਲ ਮਿਲ ਕੇ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਕੈਨੇਡੀਅਨ ਪੁਲਿਸ ਨੇ ਆਪਣੇ ਟਵੀਟ ‘ਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਜਾਣਕਾਰੀ ਸਾਂਝੀ ਕੀਤੀ ਹੈ।