Site icon TheUnmute.com

NGO ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਨ ਕੈਂਪ ਦੌਰਾਨ 47 ਪ੍ਰਵਾਸੀ ਮਜ਼ਦੂਰ ਵੋਟਰ ਵਜੋਂ ਰਜਿਸਟਰ

ਵੋਟਰ ਪੰਜੀਕਰਨ

ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 29 ਅਪ੍ਰੈਲ 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿਛਲੀਆਂ ਚੋਣਾਂ ਵਿਚ ਘੱਟ ਵੋਟਰ ਪ੍ਰਤੀਸ਼ਤਤਾ ਵਾਲੇ ਖੇਤਰਾਂ ਦੀ ਸ਼ਨਾਖ਼ਤ ਕਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਲਗਾਤਾਰ ਸਵੀਪ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਇਸ ਸਬੰਧੀ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਐਨ ਜੀ ਓਜ਼ ਦੇ ਸਹਿਯੋਗ ਨਾਲ ਬੂਥ ਪੱਧਰ ਉੱਪਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਸਭਾ ਚੋਣਾਂ 2024 ਵਿੱਚ ਵੋਟਰ ਪ੍ਰਤੀਸ਼ਤਤਾ 80% ਤੋਂ ਵੱਧ ਹੋ ਸਕੇ।

ਬੀਤੇ ਦਿਨ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੱਲੌਂ ਸ਼ੋਸ਼ਲ ਲਾਈਫ ਹੈਲਪ ਐਂਡ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਲੇਬਰ ਚੌਂਕ ਨੇੜੇ ਬੱਸ ਅੱਡਾ ਜ਼ੀਰਕਪੁਰ ਵਿਖੇ ਵੋਟਰ ਪੰਜੀਕਰਣ ਅਤੇ ਵੋਟਰ ਜਾਗਰੂਕਤਾ ਦੇ ਪੰਜਵੇਂ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਵੱਲੋਂ ਚੋਣਾਂ ਨਾਲ ਸਬੰਧਤ ਵੱਖ-ਵੱਖ ਮੋਬਾਈਲ ਐਪਸ (ਵੋਟਰ ਹੈਲਪਲਾਈਨ ਐਪ, ਦਿਵਿਆਂਗਜਨ ਲਈ ਸ਼ਕਸ਼ਮ ਐਪ ਅਤੇ ਜਾਗਰੂਕ ਅਤੇ ਚੇਤੰਨ ਵੋਟਰਾਂ ਲਈ ਸੀ ਵੀਜਲ ਐਪ) ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਗੈਰ ਸਰਕਾਰੀ ਸੰਗਠਨਾਂ (ਐਨ ਜੀ ਓਜ਼) ਦੀ ਮਦਦ ਨਾਲ ਪ੍ਰਵਾਸੀ ਮਜ਼ਦੂਰਾਂ ਅਤੇ ਦਿਵਿਆਂਗਜਨ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਅਤੇ ਵੋਟਰ ਪੰਜੀਕਰਣ ਕੈਂਪ ਉਲੀਕੇ ਜਾ ਰਹੇ ਹਨ।

ਡਾ. ਕਰਨ ਕਾਮਰਾ ਚੈਅਰਮੈਨ ਸ਼ੋਸਲ ਲਾਈਫ ਅਤੇ ਹੈਲਪ ਕੇਅਰ ਫਾਊਂਡੇਸ਼ਨ ਅਤੇ ਉਹਨਾਂ ਦੀ ਪਤਨੀ ਬਬਿਤਾ ਵੱਲੋਂ ਦੱਸਿਆ ਗਿਆ ਕਿ ਸੰਸਥਾ ਵੱਲੋਂ ਇਹ ਪੰਜਵਾਂ ਕੈਂਪ ਹੈ ਅਤੇ ਅੱਜ 47 ਨਵੀਆਂ ਵੋਟਾਂ/ਵੋਟ ਤਬਦੀਲ ਕਰਨ ਦੇ ਫਾਰਮ ਪ੍ਰਾਪਤ ਕੀਤੇ ਗਏ। ਡਾ. ਰਾਸ਼ੀ ਆਈਅਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਦਿਹਾੜੀਦਾਰ ਮਜ਼ਦੂਰ ਜਿਹਨਾਂ ਦੀ ਵੋਟ ਨਹੀਂ ਬਣੀ, ਸ਼ਨਾਖ਼ਤ ਕਰਕੇ ਵੋਟ ਬਣਵਾਈ ਗਈ। ਇਸ ਮੌਕੇ ਰੇੜੀ-ਫੜ੍ਹੀ ਲਾਉਣ ਵਾਲਿਆਂ ਨੇ ਵੀ ਵੋਟ ਬਣਵਾਈ।

ਇਸ ਕੈਂਪ ਦੌਰਾਨ ਵੋਟਰਾਂ ਵਜੋਂ ਰਜਿਸਟਰ ਹੋਣ ਵਾਲੇ ਯੋਗ ਵੋਟਰਾਂ ਨੂੰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦਫਤਰ ਵੱਲੌਂ ਕੈਪਸ ਅਤੇ ਚਾਬੀਆਂ ਦੇ ਛੱਲੇ ਵੀ ਤਕਸੀਮ ਕੀਤੇ ਗਏ। ਅੱਜ ਦੇ ਕੈਂਪ ਦੌਰਾਨ ਸ਼ੋਸ਼ਲ ਲਾਈਫ ਹੈਲਪ ਕੇਅਰ ਫਾਉਂਡੇਸ਼ਨ ਦੇ ਅਹੁਦੇਦਾਰ ਗਗਨਦੀਪ, ਕਾਵੇਰੀ ਸੁਨੀਤਾ, ਗਗਨਦੀਪ ਕਵਾਤਰਾ, ਬਬੀਤਾ ਅਤੇ ਮੋਹਿਤ ਕੁਮਾਰ ਨੇ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਪ੍ਰਵਾਸੀ ਮਜ਼ਦੂਰਾਂ ਤੱਕ ਪਹੁੰਚ ਕਰਕੇ ਕੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੇ ਆਯੋਜਨ ਮੌਕੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਚੋਣ ਕਾਨੂੰਗੋ ਸੁਰਿੰਦਰ ਕੁਮਾਰ ਨੇ ਵਿਸ਼ੇਸ਼ ਸ਼ਿਰਕਤ ਕੀਤੀ।

Exit mobile version