Site icon TheUnmute.com

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ NDA ਪ੍ਰੀਖਿਆ ‘ਚ ਹਾਸਲ ਕੀਤੇ ਸ਼ਾਨਦਾਰ ਨਤੀਜੇ

NDA

ਚੰਡੀਗੜ੍ਹ, 21 ਸਤੰਬਰ 2024: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI), ਮੋਹਾਲੀ ਦੇ 47 ਕੈਡਿਟਾਂ ਨੇ ਕੇਂਦਰੀ ਲੋਕ ਸੇਵਾ ਕਮਿਸ਼ਨ (UPSC) ਦੁਆਰਾ ਲਈ ਨੈਸ਼ਨਲ ਡਿਫੈਂਸ ਅਕੈਡਮੀ (NDA-।।) ਦੀ ਲਿਖਤੀ ਪ੍ਰੀਖਿਆ ਨੂੰ ਸਫਲਤਾਪੂਰਵਕ ਪਾਸ ਕਰਕੇ ਪੰਜਾਬ ਦਾ ਮਾਣ ਵਧਾਇਆ ਹੈ |

ਜਿਕਰਯੋਗ ਹੈ ਕਿ ਇਹ ਨਤੀਜੇ ਬੀਤੇ ਦਿਨ ਐਲਾਨੇ ਗਏ ਸੀ, ਇਨ੍ਹਾਂ ‘ਚ 74.6 ਪ੍ਰਤੀਸ਼ਤ ਦੀ ਸਫ਼ਲਤਾ ਦਰ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇਸ਼ ‘ਚੋਂ ਸਭ ਤੋਂ ਮੋਹਰੀ ਰਿਹਾ ਹੈ। ਇਸ ਮੌਕੇ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਵਿਸ਼ਵ ਪੱਧਰ ‘ਤੇ ਭਾਰਤੀ ਰੱਖਿਆ ਬਲਾਂ ਦੇ ਮਾਣ-ਸਨਮਾਨ ਦੀ ਸ਼ਲਾਘਾ ਕੀਤੀ ਹੈ | ਇਸਦੇ ਨਾਲ ਹੀ ਅਮਨ ਅਰੋੜਾ ਨੇ ਖਿਆ ਪਾਸ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੱਤੀ ਹੈ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ | ਮੰਤਰੀ ਨੇ ਕੈਡਿਟਾਂ ਨੂੰ ਦੁਨੀਆ ‘ਚ ਦੇਸ਼ ਅਤੇ ਪੰਜਾਬ ਲਈ ਵੱਧ ਤੋਂ ਵੱਧ ਨਾਮ ਕਮਾਉਣ ਲਈ ਪ੍ਰੇਰਿਆ ਹੈ |

ਇਸਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ.ਐਚ. ਚੌਹਾਨ (ਸੇਵਾਮੁਕਤ), ਵੀ.ਸੀ.ਐਮ. ਨੇ ਕੈਡਿਟਾਂ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਨੇ NDA ਦੀਆਂ ਅਗਲੀਆਂ ਚੁਣੌਤੀਆਂ ਲਈ ਤਿਆਰ ਰਹਿਣ ਲਈ ਐਸ.ਐਸ.ਬੀ. (SSB) ਸਿਖਲਾਈ ਨੂੰ ਗੰਭੀਰਤਾ ਨਾਲ ਲੈਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਹੈ ।

ਉਨ੍ਹਾਂ ਨੇ ਦੱਸਿਆ ਕਿ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 238 ਕੈਡਿਟ ਵੱਖ-ਵੱਖ ਸੇਵਾ ਸਿਖਲਾਈ ਅਕੈਡਮੀਆਂ ‘ਚ ਦਾਖਲਾ ਲੈਣ ਵਿੱਚ ਸਫਲ ਹੋਏ ਹਨ ਅਤੇ 160 ਕੈਡਿਟਾਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਵਜੋਂ ਚੁਣਿਆ ਗਿਆ ਹੈ। ਇਸ ਸਮੇਂ ਸੰਸਥਾ ਦੇ 21 ਕੈਡਿਟਾਂ, ਜਿਨ੍ਹਾਂ ਨੇ ਆਪਣੀ ਐੱਸ.ਐੱਸ.ਬੀ. ਇੰਟਰਵਿਊ ਪਾਸ ਕੀਤੀ, ਮੈਰਿਟ ਸੂਚੀ ਦਾ ਇੰਤਜ਼ਾਰ ਕਰ ਰਹੇ ਹਨ ।

Exit mobile version