Site icon TheUnmute.com

ਹਰਿਆਣਾ ਹਿੰਸਾ ‘ਚ ਦੋ ਹੋਮਗਾਰਡ ਸਮੇਤ 4 ਜਣਿਆਂ ਦੀ ਮੌਤ, ਨੂਹ ‘ਚ ਦੋ ਦਿਨਾਂ ਲਈ ਕਰਫਿਊ

Haryana

ਚੰਡੀਗੜ੍ਹ, 01 ਅਗਸਤ 2023: ਹਰਿਆਣਾ (Haryana) ਦੇ ਨੂਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਨੂਹ ਵਿੱਚ ਦੋ ਦਿਨਾਂ ਲਈ ਕਰਫਿਊ ਲਗਾਇਆ ਗਿਆ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ ਪੂਰੇ ਇਲਾਕੇ ‘ਚ ਅਰਧ ਸੈਨਿਕ ਬਲਾਂ ਦੀਆਂ 13 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਦੂਜੇ ਪਾਸੇ ਨੂਹ ਦੇ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ ‘ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਇੱਥੋਂ ਦੇ 4 ਇਲਾਕਿਆਂ ਵਿੱਚ ਇੰਟਰਨੈੱਟ ਵੀ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਨੇ ਹਿੰਸਾ ਦੇ ਸਬੰਧ ਵਿੱਚ ਕਰੀਬ 20 ਐਫਆਈਆਰ ਦਰਜ ਕੀਤੀਆਂ ਹਨ।

ਹੁਣ ਇਹ ਹਿੰਸਾ ਨੂਹ (ਮੇਵਾਤ) ਤੋਂ ਬਾਅਦ ਗੁਰੂਗ੍ਰਾਮ ਤੱਕ ਫੈਲ ਗਈ ਹੈ। ਇਸ ਦੇ ਮੱਦੇਨਜ਼ਰ ਇਨ੍ਹਾਂ ਦੋ ਜ਼ਿਲ੍ਹਿਆਂ ਤੋਂ ਇਲਾਵਾ ਰੇਵਾੜੀ, ਪਲਵਲ, ਫਰੀਦਾਬਾਦ ਸਮੇਤ 5 ਜ਼ਿਲ੍ਹਿਆਂ ਵਿੱਚ ਇਹਤਿਆਤ ਵਜੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਨੂਹ, ਫਰੀਦਾਬਾਦ ਅਤੇ ਪਲਵਲ ‘ਚ ਮੰਗਲਵਾਰ ਯਾਨੀ 1 ਅਗਸਤ ਨੂੰ ਸਾਰੇ ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ।

ਨੂਹ ‘ਚ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਪ੍ਰੀਖਿਆਵਾਂ 1 ਅਤੇ 2 ਅਗਸਤ ਨੂੰ ਹੋਣੀਆਂ ਸਨ। ਡੀਸੀ ਪ੍ਰਸ਼ਾਂਤ ਪੰਵਾਰ ਨੇ ਸ਼ਾਂਤੀ ਬਹਾਲੀ ਨੂੰ ਲੈ ਕੇ ਅੱਜ ਫਿਰ 11 ਵਜੇ ਸਰਵ ਸਮਾਜ ਦੀ ਮੀਟਿੰਗ ਸੱਦੀ ਹੈ।

ਦਰਅਸਲ ਸੋਮਵਾਰ ਨੂੰ ਨੂਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ‘ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ। ਇਸ ਦੌਰਾਨ ਹਿੰਸਾ ਨੂੰ ਭੜਕ ਗਈ । ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਹੋਈ। ਇਸ ਦੌਰਾਨ ਹੁਣ ਤੱਕ ਗੁੜਗਾਓਂ ਦੇ ਹੋਮਗਾਰਡ ਨੀਰਜ ਅਤੇ ਗੁਰਸੇਵਕ ਸਮੇਤ 4 ਜਣਿਆਂ ਦੀ ਮੌਤ ਹੋ ਚੁੱਕੀ ਹੈ। 50 ਤੋਂ ਵੱਧ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਹੋਰ ਜ਼ਖਮੀ ਹੋਏ ਹਨ। ਟੋਹਾਣਾ ਇਲਾਕੇ ਦੇ ਪਿੰਡ ਫਤਿਹਪੁਰੀ ਦੇ ਰਹਿਣ ਵਾਲੇ 32 ਸਾਲਾ ਹੋਮਗਾਰਡ ਗੁਰਸੇਵਕ ਸਿੰਘ ਦੀ ਨੂਹ ‘ਚ ਹੋਈ ਹਿੰਸਾ ‘ਚ ਮੌਤ ਹੋ ਗਈ। ਗੁਰਸੇਵਕ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸਦੇ ਦੋ ਬੱਚੇ ਹਨ, ਇੱਕ ਛੇ ਸਾਲ ਦੀ ਬੇਟੀ ਅਤੇ ਇੱਕ ਚਾਰ ਸਾਲ ਦਾ ਬੇਟਾ।

ਰਿਆਣਾ (Haryana) ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸ਼ਾਂਤੀ ਬਹਾਲੀ ਤੋਂ ਬਾਅਦ ਪੂਰਾ ਮੁਲਾਂਕਣ ਕੀਤਾ ਜਾਵੇਗਾ। ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਹ ਦੇਖਿਆ ਜਾਵੇਗਾ ਕਿ ਕਿੱਥੇ ਕੀ ਕਮੀ ਰਹੀ ਹੈ, ਲੋੜ ਪੈਣ ‘ਤੇ ਅਸੀਂ ਮੱਦਦ ਲਈ ਹਵਾਈ ਸੈਨਾ ਨਾਲ ਸੰਪਰਕ ਕੀਤਾ ਹੈ। ਸੀਐਮ ਮਨੋਹਰ ਲਾਲ ਨੇ ਕਿਹਾ ਕਿ ਨੂਹ ਘਟਨਾ ਮੰਦਭਾਗੀ ਹੈ। ਮੈਂ ਸਾਰੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਾ ਹਾਂ। ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕਿਊਂ ਭੜਕੀ ਹਿੰਸਾ ?

ਹਿੰਦੂ ਸੰਗਠਨਾਂ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ‘ਚ ਬ੍ਰਜ ਮੰਡਲ ਯਾਤਰਾ ਕੱਢਣ ਦਾ ਪ੍ਰੋਗਰਾਮ ਸੀ। ਨਲਹਾਰ ਸਥਿਤ ਨਲਹਰੇਸ਼ਵਰ ਮੰਦਿਰ ਵਿਖੇ ਜਲ ਚੜਾਉਣ ਉਪਰੰਤ ਬਰਕਾਲੀ ਚੌਂਕ ਤੋਂ ਹੁੰਦੇ ਹੋਏ ਫਿਰੋਜ਼ਪੁਰ-ਝਿਰਕਾ ਦੇ ਪਾਂਡਵ ਕਾਲ ਦੇ ਸ਼ਿਵ ਮੰਦਿਰ ਅਤੇ ਪੁਨਹਾਣਾ ਦੇ ਸਿੰਗਾਰ ਦੇ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਪਹੁੰਚਣਾ ਸੀ |

ਪੁਲਿਸ ਅਨੁਸਾਰ ਜਦੋਂ ਇਹ ਯਾਤਰਾ ਦੁਪਹਿਰ 1 ਵਜੇ ਬਡਕਾਲੀ ਚੌਕ ਪੁੱਜੀ ਤਾਂ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਪਥਰਾਅ ਕਰ ਦਿੱਤਾ। ਪੱਥਰਬਾਜ਼ੀ ਕਾਰਨ ਯਾਤਰਾ ਵਿੱਚ ਭਗਦੜ ਮੱਚ ਗਈ। ਬਦਮਾਸ਼ਾਂ ਨੇ ਗੱਡੀਆਂ ਨੂੰ ਉਲਟਾ ਕੇ ਅੱਗ ਲਗਾ ਦਿੱਤੀ।

ਜ਼ਿਲ੍ਹੇ ਵਿੱਚ ਫਿਰਕੂ ਤਣਾਅ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਨੇ ਲੋਕਾਂ ਨੂੰ ਸੋਸ਼ਲ ਮੀਡੀਆ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਪੋਸਟਾਂ ਪਾਉਣ ਤੋਂ ਵਰਜਿਆ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਰਗੀਆਂ ਪੋਸਟਾਂ ਪਾਉਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਸੋਸ਼ਲ ਮੀਡੀਆ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।

Exit mobile version