Site icon TheUnmute.com

ਪੰਜਾਬ ਪੁਲਿਸ ਤੇ ਜੰਮੂ-ਕਸ਼ਮੀਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ 4.94 ਕਰੋੜ ਰੁਪਏ ਦੀ ਡਰੱਗ ਮਨੀ ਤੇ ਪਿਸਤੌਲ ਬਰਾਮਦ ਸਮੇਤ ਨਸ਼ਾ ਤਸਕਰ ਕੀਤਾ ਕਾਬੂ

PUNJAB POLICE

ਚੰਡੀਗੜ੍ਹ/ਲੁਧਿਆਣਾ, 11 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਅੰਤਰ-ਰਾਜੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ (PUNJAB POLICE) ਵੱਲੋਂ ਜੰਮੂ-ਕਸ਼ਮੀਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ 30 ਕਿਲੋ ਕੋਕੀਨ ਬਰਾਮਦਗੀ ਦੇ ਮਾਮਲੇ ਵਿੱਚ ਲੋੜੀਂਦੇ ਨਸ਼ਾ ਤਸਕਰ ਨੂੰ 4.94 ਕਰੋੜ ਰੁਪਏ ਦੀ ਡਰੱਗ ਮਨੀ ਸਮੇਤ ਮੁੱਲਾਂਪੁਰ ਦਾਖਾ, ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮਨਜੀਤ ਸਿੰਘ (24) ਵਾਸੀ ਪਿੰਡ ਠੰਡੀਆਂ, ਬੰਗਾ, ਜ਼ਿਲ੍ਹਾ ਨਵਾਂਸ਼ਹਿਰ ਵਜੋਂ ਹੋਈ ਅਤੇ ਉਹ ਪਿਛਲੇ ਛੇ ਮਹੀਨਿਆਂ ਤੋਂ ਦਸ਼ਮੇਸ਼ ਨਗਰ ਮੁੱਲਾਂਪੁਰ ਦਾਖਾ ਵਿਖੇ ਰਹਿ ਰਿਹਾ ਸੀ। ਉਸ ਦੇ ਬੈੱਡ ਵਿੱਚ ਛੁਪਾ ਕੇ ਰੱਖੀ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ‘ਚੋਂ ਇਕ .32 ਬੋਰ ਰਿਵਾਲਵਰ, ਪੰਜਾਬ ਅਤੇ ਹਰਿਆਣਾ ਦੀਆਂ 38 ਜਾਅਲੀ ਵਾਹਨ ਨੰਬਰ ਪਲੇਟਾਂ, 44 ਗ੍ਰਾਮ ਸੋਨਾ, 385 ਗ੍ਰਾਮ ਚਾਂਦੀ, ਨੋਟ ਗਿਣਨ ਵਾਲੀ ਮਸ਼ੀਨ ਅਤੇ ਭਾਰ ਤੋਲਣ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ ਅਤੇ ਉਸਦੀ ਮਹਿੰਦਰਾ ਸਕਾਰਪੀਓ ਕਾਰ ਵੀ ਜ਼ਬਤ ਕੀਤੀ ਗਈ।

ਇਹ ਕਾਰਵਾਈ 30 ਕਿਲੋ ਕੋਕੀਨ ਸਮੇਤ 1 ਅਕਤੂਬਰ ਨੂੰ ਜੰਮੂ ਤੋਂ ਗ੍ਰਿਫ਼ਤਾਰ ਕੀਤੇ ਦੋ ਪੰਜਾਬ-ਅਧਾਰਤ ਨਸ਼ਾ ਤਸਕਰ ਹਨੀ ਬਸਰਾ ਵਾਸੀ ਪਲਾਹੀ ਗੇਟ, ਫਗਵਾੜਾ ਅਤੇ ਸਰਬਜੀਤ ਸਿੰਘ ਵਾਸੀ ਪਿੰਡ ਬੱਲਾਂ, ਕਰਤਾਰਪੁਰ ਦੀ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 30 ਕਿਲੋ ਕੋਕੀਨ ਬਰਾਮਦਗੀ ਮਾਮਲੇ ਵਿੱਚ ਮੁਲਜ਼ਮ ਮਨਜੀਤ ਸਿੰਘ ਦੇ ਸ਼ਾਮਲ ਹੋਣ ਬਾਰੇ ਮਿਲੀਆਂ ਭਰੋਸੇਮੰਦ ਸੂਚਨਾਵਾਂ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਲੁਧਿਆਣਾ ਦੀਆਂ ਟੀਮਾਂ (PUNJAB POLICE) ਨੇ ਜੰਮੂ ਪੁਲਿਸ ਨਾਲ ਮਿਲ ਕੇ ਸੂਬੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੇ ਜਾਲ ਵਿਛਾ ਕੇ ਮੁਲਜ਼ਮ ਮਨਜੀਤ ਸਿੰਘ ਨੂੰ ਮੁੱਲਾਂਪੁਰ ਦਾਖਾ ਵਿਖੇ ਕਿਰਾਏ ਦੇ ਮਕਾਨ ਤੋਂ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਮਨਜੀਤ ਸਿੰਘ ਜੰਮੂ ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਵਿਅਕਤੀਆਂ, ਜੋ ਖੇਪ ਬਰਾਮਦ ਕਰਨ ਲਈ ਜੰਮੂ ਜਾਂਦੇ ਸਨ, ਕੋਲੋਂ ਜਲੰਧਰ ਖੇਤਰ ਤੋਂ ਇਹ ਖੇਪ ਲੈ ਕੇ ਵਾਹਨਾਂ ਰਾਹੀਂ ਹੋਰ ਵੱਖ-ਵੱਖ ਸਥਾਨਾਂ ‘ਤੇ ਪਹੁੰਚਾਉਂਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਹੋਰ ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਨਸ਼ੇ ਦੀ ਖੇਪ ਜਲੰਧਰ ਤੋਂ ਹੋਰ ਵੱਖ-ਵੱਖ ਥਾਵਾਂ ’ਤੇ ਪਹੁੰਚਾਉਂਦਾ ਸੀ ਅਤੇ ਹੁਣ ਤੱਕ ਉਹ ਤਿੰਨ ਖੇਪਾਂ ਪਹੁੰਚਾ ਚੁੱਕਾ ਹੈ। ਇਹ ਵੀ ਖੁਲਾਸਾ ਹੋਇਆ ਕਿ ਦੋਸ਼ੀ ਮਨਜੀਤ ਸਿੰਘ ਦਾ ਪਿਤਾ ਸਤਨਾਮ ਸਿੰਘ ਵੀ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ ਅਤੇ ਗੜ੍ਹਸ਼ੰਕਰ ਵਿਖੇ ਦਰਜ ਐਨਡੀਪੀਐਸ ਕੇਸ ਵਿੱਚ ਭਗੌੜਾ (ਪੀ.ਓ.) ਐਲਾਨਿਆ ਗਿਆ ਹੈ। ਪੁਲਿਸ ਟੀਮਾਂ ਵੱਲੋਂ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version