ਚੰਡੀਗੜ੍ਹ 19 ਜਨਵਰੀ 2023: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜੋਸ਼ੀਮੱਠ (Joshimath) ਵਿੱਚ ਜ਼ਮੀਨ ਖਿਸਕਣ ਕਾਰਨ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਆਫ਼ਤ ਰਾਹਤ ਦੇ ਰੂਪ ਵਿੱਚ ਕੇਂਦਰੀ ਸਹਾਇਤਾ ਲਈ ਬੇਨਤੀ ਕੀਤੀ ਹੈ । ਅਮਿਤ ਸ਼ਾਹ ਨੇ ਪੀੜਤਾਂ ਨੂੰ ਲੋੜੀਂਦੀ ਮਦਦ ਦਾ ਭਰੋਸਾ ਦਿੱਤਾ ਹੈ ।
ਮੁੱਖ ਮੰਤਰੀ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਗ੍ਰਹਿ ਮੰਤਰੀ ਨੂੰ ਜਾਣੂ ਕਰਵਾਇਆ ਕਿ ਜੋਸ਼ੀਮੱਠ ਸ਼ਹਿਰ ਬਦਰੀਨਾਥ ਦਾ ਸਰਦੀਆਂ ਦਾ ਨਿਵਾਸ ਹੈ। ਰਣਨੀਤਕ, ਸੱਭਿਆਚਾਰਕ ਅਤੇ ਸੈਰ-ਸਪਾਟੇ ਦੇ ਦ੍ਰਿਸ਼ਟੀਕੋਣ ਤੋਂ ਇਸ ਦੀ ਬਹੁਤ ਮਹੱਤਤਾ ਹੈ। ਇਹ ਸ਼ਹਿਰ ਇੱਕ ਪੁਰਾਣੇ ਜ਼ਮੀਨ ਖਿਸਕਣ ਤੋਂ ਮਲਬੇ ਦੀ ਇੱਕ ਮੋਟੀ ਪਰਤ ਦੇ ਸਿਖਰ ‘ਤੇ ਬਣਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵੱਖ-ਵੱਖ ਕੇਂਦਰੀ ਤਕਨੀਕੀ ਸੰਸਥਾਵਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਸ਼ੁਰੂ ਵਿੱਚ ਦੱਸਿਆ ਗਿਆ ਸੀ ਕਿ ਖੇਤਰ ਵਿੱਚ ਵੱਡੇ ਪੱਧਰ ‘ਤੇ ਪੁਨਰ ਨਿਰਮਾਣ ਦੀ ਲੋੜ ਹੋਵੇਗੀ। ਇਸ ਦਾ ਅੰਤਮ ਮੁਲਾਂਕਣ ਤਕਨੀਕੀ ਟੈਸਟ ਖਤਮ ਹੋਣ ਤੋਂ ਬਾਅਦ ਪ੍ਰਾਪਤ ਹੋਵੇਗਾ।
ਜੋਸ਼ੀਮੱਠ ਵਿੱਚ ਫੌਰੀ ਰਾਹਤ ਕੈਂਪਾਂ ਦਾ ਪ੍ਰਬੰਧ, ਪ੍ਰੀ-ਫੈਬਰੀਕੇਟਿਡ ਟ੍ਰਾਂਜਿਟ ਸ਼ੈਲਟਰ, ਸਥਾਈ ਮੁੜ ਵਸੇਬਾ, ਨਵੀਆਂ ਥਾਵਾਂ ਦਾ ਵਿਕਾਸ, ਰਿਹਾਇਸ਼ੀ ਉਸਾਰੀ, ਬੁਨਿਆਦੀ ਸਹੂਲਤਾਂ ਜਿਵੇਂ ਕਿ ਸਕੂਲ, ਕਾਲਜ, ਡਰੇਨੇਜ, ਸੀਵਰੇਜ, ਜੋਸ਼ੀਮਠ ਦਾ ਪੁਨਰ ਨਿਰਮਾਣ, ਵਿਸਤ੍ਰਿਤ ਤਕਨੀਕੀ ਜਾਂਚ, ਜ਼ਮੀਨ ਖਿਸਕਣ ਦੀ ਰੋਕਥਾਮ, ਮੁਕੰਮਲ ਡਰੇਨੇਜ ਸਿਸਟਮ ਅਤੇ ਸ਼ਹਿਰ ਸਾਰੇ ਘਰਾਂ ਵਿੱਚ ਸੀਵਰ ਲਾਈਨ ਪਾਉਣ ਦਾ ਕੰਮ ਕੀਤਾ ਜਾਣਾ ਹੈ। ਇਨ੍ਹਾਂ ਸਾਰੀਆਂ ਸਹੂਲਤਾਂ ਦੇ ਵਿਕਾਸ ਲਈ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਕੇਂਦਰੀ ਸਹਾਇਤਾ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਜੋਸ਼ੀਮੱਠ (Joshimath) ਵਿਚ ਹੁਣ ਤੱਕ 25 ਫੀਸਦੀ ਇਲਾਕਾ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੈ, ਜਿਸ ਦੀ ਅੰਦਾਜ਼ਨ ਆਬਾਦੀ 25,000 ਹੈ। ਨਗਰਪਾਲਿਕਾ ਖੇਤਰ ਵਿੱਚ ਕਰੀਬ 4500 ਰਜਿਸਟਰਡ ਇਮਾਰਤਾਂ ਹਨ। ਇਨ੍ਹਾਂ ਵਿੱਚੋਂ 849 ਇਮਾਰਤਾਂ ਵਿੱਚ ਚੌੜੀਆਂ ਤਰੇੜਾਂ ਪਾਈਆਂ ਗਈਆਂ ਹਨ। ਇੱਥੇ 250 ਅਸਥਾਈ ਤੌਰ ‘ਤੇ ਵਿਸਥਾਪਿਤ ਪਰਿਵਾਰ ਹਨ। ਸਰਵੇਖਣ ਜਾਰੀ ਹੈ ਅਤੇ ਉਪਰੋਕਤ ਪ੍ਰਭਾਵਿਤ ਪਰਿਵਾਰਾਂ ਅਤੇ ਇਮਾਰਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।