July 7, 2024 6:48 am
Sirhind feeder canal

ਸਰਹਿੰਦ ਫੀਡਰ ਨਹਿਰ ਓਵਰਫਲੋ ਹੋਣ ਕਾਰਨ ਕਿਸਾਨਾਂ ਦੀ 25 ਏਕੜ ਫ਼ਸਲ ਤਬਾਹ, ਨਹਿਰੀ ਵਿਭਾਗ ‘ਤੇ ਲੱਗੇ ਅਣਗਹਿਲੀ ਦੇ ਦੋਸ਼

ਗਿੱਦੜਬਾਹਾ 07 ਨਵੰਬਰ 2022: ਗਿੱਦੜਬਾਹਾ ਹਲਕੇ ਦੇ ਪਿੰਡ ਗੁਰੂਸਰ ਅਤੇ ਸਮਾਘ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ ਵਿਚੋਂ ਬੀਤੀ ਰਾਤ ਸਰਹਿੰਦ ਫੀਡਰ ਨਹਿਰ ਦੇ ਓਵਰਫਲੋ ਹੋ ਜਾਣ ਕਾਰਨ ਪਿੰਡ ਸਮਾਘ ਅਤੇ ਗੁਰੂਸਰ ਦੇ ਕਰੀਬ 25 ਏਕੜ ਰਕਬੇ ਵਿਚ ਪਾਣੀ ਭਰ ਗਿਆ | ਜਿਸ ਨਾਲ ਕਿਸਾਨਾਂ ਦਾ ਵੱਡੀ ਪੱਧਰ ਦੇ ਮਾਲੀ ਨੁਕਸਾਨ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸਰਹਿੰਦ ਫੀਡਰ ਨਹਿਰ ਵਿਚੋਂ ਨਿਕਲਕੇ ਮਲੋਟ ਰਜਬਾਹੇ ਨੂੰ ਪਾਣੀ ਦੇਣ ਲਈ ਬੀਤੇ ਦਿਨ ਵਿਭਾਗ ਵੱਲੋਂ ਪਿੰਡ ਗੁਰੂਸਰ ਅਤੇ ਸਮਾਘ ਦੇ ਦਰਮਿਆਨ ਨਹਿਰ ਵਿਚ ਲੱਗੇ ਲੋਹੇ ਦੇ ਗੇਟਾਂ ਨਾਲ ਪਾਣੀ ਰੋਕ ਕੇ ਪਾਊਂਡਿੰਗ ਕੀਤੀ ਗਈ ਸੀ, ਪਰੰਤੂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਣਗਹਿਲੀ ਕਾਰਨ ਬੀਤੀ ਰਾਤ ਕਰੀਬ 1-2 ਵਜੇ ਉਕਤ ਨਹਿਰ ਵਿਚ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਖੇਤਾਂ ਵਿਚ ਚਲਾ ਗਿਆ|

ਇਸਦੇ ਚੱਲਦੇ ਪਿੰਡ ਸਮਾਘ ਦੇ ਕਿਸਾਨ ਅੰਗਰੇਜ਼ ਸਿੰਘ ਪੁੱਤਰ ਹੰਸਾ ਸਿੰਘ ਦੀ 4 ਏਕੜ ਝੋਨੇ ਦੀ ਖੜ੍ਹੀ ਫਸਲ, ਗੁਰਸੇਵਕ ਸਿੰਘ ਪੁੱਤਰ ਰੇਸ਼ਮ ਸਿੰਘ ਦੇ 1.5 ਏਕੜ ਰੌਣੀ ਕੀਤੇ ਖੇਤ, ਗੁਰਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਦੇ 1 ਏਕੜ, ਸਤਪਾਲ ਸਿੰਘ ਪੁੱਤਰ ਇਕਬਾਲ ਸਿੰਘ ਦੇ 2 ਏਕੜ, ਗੁਰਦਾਸ ਸਿੰਘ ਪੁੱਤਰ ਨੱਥਾ ਸਿੰਘ ਅਤੇ ਨਿਸ਼ਾਨ ਸਿੰਘ ਪੁੱਤਰ ਜਗਸੀਰ ਸਿੰਘ ਦੇ 4-4 ਕਿੱਲੇ ਕਣਕ ਦੀ ਬਿਜਾਈ ਵਾਲੇ ਖੇਤ, ਕੁਲਦੀਪ ਸਿੰਘ ਪੁੱਤਰ ਨੱਥਾ ਸਿੰਘ ਦੇ 2 ਏਕੜ ਪਰਾਲੀ ਵਾਲੇ ਰਕਬੇ ਵਿਚ ਪਾਣੀ ਭਰਨ ਤੋਂ ਇਲਾਵਾ ਪਿੰਡ ਗੁਰੂਸਰ ਦੇ ਕਿਸਾਨ ਗੁਰਮੇਲ ਸਿੰਘ ਪੁੱਤਰ ਅਮਰਜੀਤ ਸਿੰਘ ਦੇ 3 ਏਕੜ ਰਕਬੇ, ਪੱਪਾ ਸਿੰਘ ਪੁੱਤਰ ਬਰਤਣ ਸਿੰਘ ਦੇ 1 ਏਕੜ ਅਤੇ ਬੱਬੀ ਸਿੰਘ ਪੁੱਤਰ ਨੱਛਤਰ ਸਿੰਘ ਦੇ ਇਕ ਏਕੜ ਰਕਬੇ ਵਿਚ ਪਾਣੀ ਭਰ ਗਿਆ।

ਪੀੜ੍ਹਿਤ ਕਿਸਾਨਾਂ ਦੇ ਦੋਸ਼ ਲਗਾਇਆ ਕਿ ਵਿਭਾਗ ਨੇ ਉਕਤ ਮਾਮਲੇ ਵਿਚ ਪੂਰੀ ਤਰ੍ਹਾਂ ਅਣਗਹਿਲੀ ਵਰਤੀ ਹੈ ਅਤੇ ਮੌਕੇ ਤੇ ਵਿਭਾਗ ਦਾ ਕੋਈ ਕਰਮਚਾਰੀ ਮੌਜੂਦ ਨਹੀਂ ਸੀ। ਉਨ੍ਹਾਂ ਕਿਹਾ ਕਿ ਜੇਕਰ ਸਮਾਂ ਰਹਿੰਦੇ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਨਾ ਲੱਗਦਾ ਤਾਂ ਨਹਿਰ ਨੇ ਪਾਣੀ ਦੇ ਤੇਜ਼ ਵਹਾਓ ਦੇ ਚੱਲਦਿਆਂ ਟੁੱਟ ਜਾਣਾ ਸੀ ਅਤੇ ਮਾਲੀ ਨੁਕਸਾਨ ਦੇ ਨਾਲ ਨਾਲ ਤਿੰਨ ਪਿੰਡਾਂ ਵਿਚ ਵੱਡਾ ਜਾਨੀ ਨੁਕਸਾਨ ਹੋਣਾ ਸੀ। ਉਨ੍ਹਾਂ ਸੰਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਨਹਿਰ ਓਵਰਫਲੋ ਹੋਣ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜਦੋਂ ਇਸ ਸੰਬੰਧੀ ਸਰਹਿੰਦ ਫੀਡਰ ਦੇ ਐੱਸ.ਡੀ.ਓ. ਬਲਵਿੰਦਰ ਸਿੰਘ ਕੰਬੋਜ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਮਲੋਟ ਰਜਬਾਹੇ ਨੂੰ ਚਲਾਉਣ ਲਈ ਨਹਿਰ ਵਿਚ ਪਾਊਂਡਿੰਗ ਕੀਤੀ ਗਈ ਸੀ ਪਰੰਤੂ ਪਿਛੋਂ ਪਾਣੀ ਜਿਆਦਾ ਆ ਗਿਆ, ਜਿਸ ‘ਤੇ ਫੀਲਡ ਸਟਾਫ਼ ਵੱਲੋਂ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਪਾਣੀ ਦੀ ਡਾਫ ਕਾਰਨ ਗੇਟ ਫਸ ਗਏ ਅਤੇ ਪਾਣੀ ਨਹਿਰ ਵਿਚੋਂ ਓਵਰਫਲੋ ਹੋ ਗਿਆ।

ਉਨ੍ਹਾਂ ਕਿਹਾ ਕਿ ਨਹਿਰ ਦੇ ਓਵਰਫਲੋ ਹੋ ਜਾਣ ਨਾਲ ਕਿਸਾਨਾ ਦਾ ਅਤੇ ਨਹਿਰ ਦਾ ਕੋਈ ਨੁਕਸਾਨ ਨਹੀਂ ਹੋਇਆ ਪਰੰਤੂ ਫਿਰ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਕਰਮਚਾਰੀ ਜਿੰਮੇਵਾਰ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਕਿਸਾਨਾਂ ਵੱਲੋਂ ਮੌਕੇ ਤੇ ਵਿਭਾਗੀ ਕਰਮਚਾਰੀ ਨਾ ਹੋਣ ਦੇ ਲਗਾਏ ਦੋਸ਼ਾ ਸੰਬੰਧੀ ਐੱਸ.ਡੀ.ਓ. ਬਲਵਿੰਦਰ ਸਿੰਘ ਕੰਬੋਜ ਨੇ ਕਿਹਾ ਕਿ ਹਲਾਂਕਿ ਸਟਾਫ ਦੀ ਘਾਟ ਹੈ ਪਰੰਤੂ ਫਿਰ ਵੀ ਮੌਕੇ ਦੇ ਫੀਲਡ ਸਟਾਫ ਮੌਜੂਦ ਸੀ।