Site icon TheUnmute.com

23 ਨਵੰਬਰ 1938: ਪੰਥ ਸੇਵਕ ਭਾਈ ਕਾਨ੍ਹ ਸਿੰਘ ਨਾਭਾ ਦੇ ਅੰਤਿਮ ਪਲਾਂ ਦੀ ਦਸਤਾਨ

Kahn Singh Nabha

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

ਅੱਜ ਦੇ ਦਿਨ ਸਿੱਖ ਕੌਮ ਦੀ ਮਹਾਨ ਹਸਤੀ ਭਾਈ ਕਾਨ੍ਹ ਸਿੰਘ ਨਾਭਾ (Kahn Singh Nabha) ਜੀ ਨੇ ਸਰੀਰਕ ਚੋਲਾ ਛੱਡਿਆ ਸੀ। ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ, ਜਿਨ੍ਹਾਂ ਨੇ ਭਾਈ ਸਾਹਿਬ ਦੀ 6 ਸਾਲ ਸੰਗਤ ਦਾ ਅਨੰਦ ਮਾਣਿਆ | ਉਹਨਾਂ ਨੇ ਭਾਈ ਸਾਹਿਬ ਦੇ ਆਖਰੀ ਸਮੇਂ ਨੂੰ ਬੜੇ ਭਾਵਪੂਰਤ ਰੂਪ ਵਿੱਚ ਪ੍ਰਗਟ ਕਰਦਿਆਂ ਦੱਸਿਆ ਕਿ ਜਦੋਂ ਉਹਨਾਂ ਦਾ ਪਹਿਲੀ ਵਾਰ 1932 ਵਿੱਚ ਭਾਈ ਕਾਨ੍ਹ ਸਿੰਘ ਨਾਭਾ ਹੁਣਾ ਨਾਲ ਮਿਲਾਪ ਹੋਇਆ ਤਾਂ ਭਾਈ ਸਾਹਬ ਨੇ ਗੱਲਾਂ ਗੱਲਾਂ ਵਿੱਚ ਉਹਨਾਂ ਨਾਲ ਸਾਂਝ ਪਉਂਦਿਆ ਕਿਹਾ ਸੀ ਕਿ ਉਹਨਾਂ ਕੋਲ ਜੀਵਨ ਦੇ ਛੇ ਕੁ ਸਾਲ ਬਾਕੀ ਹਨ ਤੇ ਉਹਨਾਂ ਦੀ ਇੱਛਾ ਹੈ ਕਿ ਉਹ ਗੁਰੂ ਮਹਿਮਾ, ਗੁਰਮਤ ਮਾਰਤੰਡ ਆਦਿ ਪੁਸਤਕਾਂ ਦੀ ਸੰਪੂਰਨਤਾ ਤੋਂ ਬਾਅਦ ਉਹ ਗੁਰੂ ਇਤਿਹਾਸ ਵੀ ਲਿਖਣਗੇ।

ਇਸ ਛੇ ਸਾਲ ਦੇ ਅਰਸੇ ਵਿੱਚ ਉਹਨਾਂ ਨੇ ਗੁਰੂ ਮਹਿਮਾ ਰਤਨਾਵਲੀ, ਗੁਰਮਤ ਮਾਰਤੰਡ, ਨਾਮ ਮਾਲਾ ਕੋਸ਼ ਆਦਿ ਪੁਸਤਕਾਂ ਦਾ ਸੰਪਾਦਨ ਕੀਤਾ ਉਥੇ ਹੀ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀ ਅਗਲੀ ਐਡੀਸ਼ਨ ਦੇ ਖਰੜੇ ਦੀ ਸੁਧਾਈ ਵੀ ਕੀਤੀ, ਪਰ ਅਕਾਲ ਪੁਰਖ ਨੇ ਇਤਿਹਾਸ ਲੇਖਣੀ ਲਈ ਸਮਾਂ ਨਾ ਬਖਸ਼ਿਆ।

ਭਾਈ ਕਾਨ੍ਹ ਸਿੰਘ ਨੂੰ ਆਪਣੇ ਅੰਤਿਮ ਸਮੇਂ ਬਾਰੇ ਪਹਿਲਾਂ ਹੀ ਪਤਾ ਲੱਗ ਚੁਕਾ ਸੀ , ਇਹ ਗੱਲ ਇਸ਼ਾਰੇ ਮਾਤਰ ਉਹਨਾਂ ਦੁਆਰਾ ਲਿਖੇ ਕੁਝ ਖ਼ਤਾਂ ਤੋਂ ਵੀ ਪ੍ਰਗਟ ਹੁੰਦੀ ਹੈ ਜੋ ਉਹਨਾਂ ਨੇ ਆਪਣੇ ਸਨੇਹੀਆਂ ਨੂੰ ਲਿਖੇ ਸਨ। ਭਾਈ ਸਾਹਬ ਪਟਿਆਲੇ ਦੇ ਇੱਕ ਪ੍ਰੇਮੀ ਦੀ ਤਿਆਰ ਕੀਤੀ ਦਵਾਈ ਵਰਤਦੇ ਸਨ, ਜਦ ਉਹ ਮੁਕ ਗਈ ਤਾਂ ਆਪ ਦੇ ਸੇਵਕ ਭਾਈ ਸਾਹਿਬ ਸਿੰਘ ਹੁਣਾ ਨੇ ਪੁੱਛਿਆ ਕਿ ਹੋਰ ਦਵਾਈ ਮੰਗਵਾ ਲਈਏ ਤਾਂ ਆਪ ਨੇ ਜਵਾਬ ਦਿੰਦਿਆਂ ਕਿਹਾ ਕਿ , ਨਹੀਂ ਹੁਣ ਜ਼ਰੂਰਤ ਨਹੀਂ , ਸ਼ੀਸ਼ੀ ਧੂਹ ਕੇ ਰੱਖ ਦਿਉ ਕਿਸੇ ਹੋਰ ਦੇ ਕੰਮ ਆ ਜਾਵੇਗੀ ।ਇਸੇ ਤਰ੍ਹਾਂ ਆਪ ਨੇ ਆਖਰੀ ਦਿਨਾਂ ‘ਚ ਉਹ ਸੁਰਮਾ ਪਾਉਣਾ ਬੰਦ ਕਰ ਦਿੱਤਾ ਜੋ ਕਈ ਦਹਾਕਿਆਂ ਤੋਂ ਵਰਤ ਰਹੇ ਸਨ ਤੇ ਨਾਲ ਹੀ ਕਿਹਾ ਕਿ ‘ ਹੁਣ ਵਾਹਗੁਰੂ ਦਾ ਨਾਮ ਹੀ ਕਾਫੀ ਹੈ ਜੋ ਰੂਹਾਨੀ ਰੋਸ਼ਨੀ ਦੇ ਰਿਹਾ ਹੈ।

ਭਾਈ ਸਾਹਿਬ ਸਿੰਘ ਜੋ ਭਾਈ ਸਾਹਿਬ (Kahn Singh Nabha) ਦੇ ਪ੍ਰੇਮੀ ਤੇ ਖਿਦਮਤਦਾਰ ਸਨ, ਜਿਨ੍ਹਾਂ ਨਾਲ ਹਰ ਰੋਜ਼ ਭਾਈ ਸਾਹਿਬ ਸਵੇਰੇ ਦੀ ਸੈਰ ਕਰਦੇ ਸਨ ਨੂੰ 22 ਨਵੰਬਰ 1938 ਨੂੰ ਸਵੇਰ ਦੀ ਸੈਰ ਤੋਂ ਵਾਪਸ ਆ ਕਿ ਮੁਖਾਤਬ ਹੁੰਦਿਆਂ ਕਿਹਾ ਕਿ ‘ਹੁਣ ਤੁਸੀਂ ਆਰਾਮ ਕਰੋ।ਅੱਜ ਤੋਂ ਤੁਹਾਨੂੰ ਸਾਡਾ ਸਾਥ ਕਰਨ ਦੀ ਲੋੜ ਨਹੀਂ । 23 ਨਵੰਬਰ ਨੂੰ ਨਾਭੇ ਹਾਈ ਕੋਰਟ ਖੁੱਲ੍ਹਣ ਦੇ ਜਲਸੇ ਵਿੱਚ ਸ਼ਮੂਲੀਅਤ ਕਰਨ ਤੋਂ ਬਾਅਦ ਘਰ ਆ ਕਿ ਪ੍ਰਸ਼ਾਦਾ ਪਾਣੀ ਛੱਕ ਕੇ ਬਾਗੀਚੇ ਵਿੱਚ ਮਾਲੀ ਨੂੰ ਕੁਝ ਹਦਾਇਤ ਦੇਣ ਲੱਗੇ ਨਾਲ ਹੀ ਭਾਈ ਸਾਹਿਬ ਸਿੰਘ ਹੁਣਾ ਨੂੰ ਕਿਹਾ ਕਿ ‘ਹੁਣ ਤੁਹਾਡਾ ਇਥੇ ਕੋਈ ਕੰਮ ਨਹੀਂ , ਜਾਉ ਪਹਿਲਾਂ ਜਾ ਕੇ ਜਲਦੀ ਪ੍ਰਸ਼ਾਦਾ ਛੱਕੋ।

ਭਾਈ ਸਾਹਿਬ ਸਿੰਘ ਘਰ ਅੰਦਰ ਪ੍ਰਸ਼ਾਦਾ ਛੱਕਣ ਚਲੇ ਗਏ।ਆਪ ਭਾਈ ਕਾਨ੍ਹ ਸਿੰਘ ਜੀ ਚੁਬਾਰੇ ਵਿੱਚ ਜਾ ਕੇ ਅਖ਼ਬਾਰ ਪੜ੍ਹਨ ਲੱਗੇ, ਇੰਨੇ ਵਿੱਚ ਭਾਈ ਸਾਹਿਬ ਸਿੰਘ ਵੀ ਪ੍ਰਸ਼ਾਦਾ ਛੱਕ ਕੇ ਚੁਬਾਰੇ ਵਿੱਚ ਆ ਗਏ।ਭਾਈ ਸਾਹਿਬ ਆਰਾਮ ਕਰਨ ਲਈ ਲੰਮੇ ਪੈ ਗਏ ਤੇ ਭਾਈ ਸਾਹਿਬ ਸਿੰਘ ਜੀ ਹੁਣੀ ਮੁਠੀ ਚਾਪੀ ਕਰਨ ਲੱਗੇ । ਤਕਰੀਬਨ 10 ਕੁ ਮਿੰਟ ਬਾਅਦ 1 ਵੱਜ ਕੇ 20 ਮਿੰਟ ਤੇ ਭਾਈ ਕਾਨ੍ਹ ਸਿੰਘ ਹੁਣਾ ਨੂੰ ਮੱਠੀ ਜਿਹੀ ਹਿੱਚਕੀ ਆਈ ਤੇ ਇਸ ਨਾਲ ਹੀ ਜੋਤ ਪਰਮਜੋਤ ਵਿੱਚ ਸਮਾ ਗਈ। ਚਾਰੇ ਪਾਸੇ ਜੰਗਲ ਦੀ ਅੱਗ ਵਾਗ ਭਾਈ ਸਾਹਿਬ ਦੇ ਪਿਆਨਾ ਕਰ ਜਾਣ ਦੀ ਖ਼ਬਰ ਫੈਲ ਗਈ ।ਸ਼ਾਮ 5 ਵਜੇ ਭਾਈ ਸਾਹਿਬ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੀਤਾ ਗਿਆ ।ਗੁਰੂ ਗ੍ਰੰਥ ਸਾਹਿਬ ਦਾ ਪਾਠ ਅਕਾਲੀ ਕੌਰ ਸਿੰਘ ਹੁਣਾ ਨੇ ਕੀਤਾ । ਪੰਥ ਆਪਣੇ ਇਸ ਸੇਵਕ ਨੂੰ ਉਸਦੀ ਸੇਵਾ ਲਈ ਹਮੇਸ਼ਾ ਮਾਣ ਸਤਿਕਾਰ ਨਾਲ ਯਾਦ ਕਰਦਾ ਰਹੇਗਾ।

Exit mobile version