Site icon TheUnmute.com

20 ਜਨਵਰੀ 1935: ਸ਼ਹੀਦ ਭਾਈ ਸੇਵਾ ਸਿੰਘ ਠੀਕਰੀਵਾਲਾ ਨੂੰ ਯਾਦ ਕਰਦਿਆਂ…

ਸੇਵਾ ਸਿੰਘ ਠੀਕਰੀਵਾਲਾ

ਲਿਖਾਰੀ
ਬਲਦੀਪ ਸਿੰਘ ਰਾਮੂੰਵਾਲੀਆ

ਭਾਈ ਸੇਵਾ ਸਿੰਘ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਠੀਕਰੀਵਾਲਾ (ਹੁਣ ਬਰਨਾਲੇ ਜਿਲ੍ਹੇ ਦਾ ਪਿੰਡ) ਵਿੱਚ 24 ਅਗਸਤ 1882 ਵਿੱਚ ਸਰਦਾਰ ਦੇਵਾ ਸਿੰਘ ਦੇ ਘਰ , ਮਾਈ ਹਰ ਕੌਰ ਦੀ ਕੁਖੋਂ ਹੋਇਆ।ਠੀਕਰੀਵਾਲਾ ਪਿੰਡ ਵਿੱਚ ਨਵਾਬ ਕਪੂਰ ਸਿੰਘ ਤੇ ਬਾਬਾ ਆਲਾ ਸਿੰਘ ਵਿਚਕਾਰ ਪਹਿਲੀ ਮੁਲਾਕਾਤ ਹੋਈ ਸੀ। ਭਾਈ ਦੇਵਾ ਸਿੰਘ ਪਟਿਆਲਾ ਰਿਆਸਤ ਵਿੱਚ ਮੁਲਾਜ਼ਮਤ ਵਿੱਚ ਸਨ।

ਮਿਡਲ ਪਾਸ ਕਰਨ ਤੋਂ ਬਾਅਦ ਭਾਈ ਸੇਵਾ ਸਿੰਘ ਵੀ ਰਿਆਸਤ ਦੇ ਸਿਹਤ ਮਹਿਕਮੇ ਵਿੱਚ ਕੰਮ ਕਰਨ ਲੱਗੇ। ਜਵਾਨੀ ਦੀ ਸਰਦਲ ‘ਤੇ ਪੁੱਜੇ ਹੀ ਸਨ ਕਿ ਪਿਉ ਦਾ ਸਾਇਆ ਸਿਰ ਤੋਂ ਉੱਠ ਗਿਆ।1902 ਵਿੱਚ ਨੌਕਰੀ ਛੱਡ ਪਿੰਡ ਆ ਗਏ। ਸਿੰਘ ਸਭਾਈ ਵੀਚਾਰਾਂ ਦੇ ਪ੍ਰਭਾਵ ਨੇ ਇਹਨਾਂ ਦੀ ਧਾਰਮਿਕ ਸਖ਼ਸ਼ੀਅਤ ਨੂੰ ਨਿਖਾਰ ਬਖ਼ਸ਼ਿਆ।ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ।ਪਿੰਡ ਵਿੱਚ ਗੁਰਦੁਆਰਾ ਤੇ ਸਕੂਲ ਵੀ ਬਣਵਾਇਆ।

ਗੁਰਦੁਆਰਾ ਸੁਧਾਰ ਲਹਿਰ ਤੇ ਅਕਾਲੀ ਦਲ ਦੇ ਮੋਢੀਆਂ ਵਿਚੋਂ ਇਕ ਭਾਈ ਸੇਵਾ ਸਿੰਘ ਵੀ ਸਨ। ਜਦ 1923 ਵਿੱਚ ਗੋਰਾਸ਼ਾਹੀ ਨੇ ਕਮੇਟੀ ਤੇ ਦਲ ਨੂੰ ਬੈਨ ਕੀਤਾ ਤਾਂ ਹੋਰ ਲੀਡਰਾਂ ਸਮੇਤ ਆਪ ਨੂੰ ਲਾਹੌਰ ਕਿਲ੍ਹੇ ਵਿੱਚ ਨਜ਼ਰਬੰਦ ਕੀਤਾ ਗਿਆ।ਗੁਰਦੁਆਰਾ ਐਕਟ ਦੇ ਲਾਗੂ ਹੋਣ ਤੋਂ ਬਾਅਦ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਕੁਝ ਆਗੂ ਬਾਹਰ ਆ ਗਏ; ਪਰ ਇਕ ਧੜਾ ਮਾਸਟਰ ਜੀ ਅਗਵਾਈ ਵਿੱਚ ਸ਼ਰਤਾਂ ਮੰਨਣ ਤੋਂ ਇਨਕਾਰੀ ਰਿਹਾ, ਉਸ ਵਿੱਚ ਭਾਈ ਸੇਵਾ ਵੀ ਸਨ।ਅਖ਼ੀਰ ਸਰਕਾਰ ਨੇ ਬਾਕੀ ਸਭ ਨੂੰ ਬਿਨਾਂ ਸ਼ਰਤ ਰਿਹਾ ਕਰਤਾ , ਪਰ ਆਪ ਨੂੰ ਨ ਛੱਡਿਆ ਗਿਆ।

ਪਟਿਆਲਾ ਰਿਆਸਤ ਜੋ ਆਪ ਦੀਆਂ ਸੁਧਾਰਕ ਗਤੀਵਿਧੀਆਂ ਤੋਂ ਭੈਭੀਤ ਸੀ ਨੇ ਥੱਲੇ ਡਿੱਗਦਿਆਂ ਆਪ ਤੇ ‘ਗੜਵੀ ਚੋਰੀ’ ਦਾ ਮੁਕਦਮਾ ਦਰਜ ਕੀਤਾ।ਜਦ ਸਤੰਬਰ 1926 ਵਿੱਚ ਲਾਹੌਰ ਤੋਂ ਰਿਹਾਅ ਹੋਏ ਤਾਂ ਪਟਿਆਲਾ ਪੁਲਿਸ ਨੇ ਚੁਕ ਲਿਆ।ਬਿਨਾਂ ਮੁਕਦਮੇ ਦੇ ਤਿੰਨ ਸਾਲ ਨਜ਼ਰਬੰਦ ਰਹੇ । ਇਸ ਸਮੇਂ ਵਿੱਚ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਸਥਾਪਨਾ ਹੋਈ।

ਆਪ ਦੀ ਗੈਰ ਹਾਜ਼ਰੀ ਵਿੱਚ ਹੀ ਆਪ ਨੂੰ ਇਸਦਾ ਪੰਜਾਬ ਤੇ ਪਟਿਆਲਾ ਦਾ ਪ੍ਰਧਾਨ ਚੁਣ ਲਿਆ ਗਿਆ। ਰਿਹਾਈ ਪਿੱਛੋਂ ਕਾਂਗਰਸ ਦੇ ਦਸੰਬਰ 1929 ਦੇ ਸ਼ੈਸ਼ਨ ਨਾਲ ਹੀ , ਲਾਹੌਰ ਵਿੱਚ ਪਰਜਾ ਮੰਡਲ ਦੀ ਮੀਟਿੰਗ ਹੋਈ ।ਜਿਸ ਵਿੱਚ ਬੋਲਦਿਆਂ ਭਾਈ ਸੇਵਾ ਸਿੰਘ ਹੁਣਾਂ ਨੇ ਕਿਹਾ; ” ਮੇਰਾ ਦਾਅਵਾ ਹੈ ਕਿ ਜਦ ਕੋਈ ਕੌਮ ਜਾਨ ਜਾਂ ਮਾਲ ਦੇ ਨੁਕਸਾਨ ਤੋਂ ਬੇਪਰਵਾਹ ਹੋ ਕੇ ਜ਼ੁਲਮਾਂ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਵੇ ਤਾਂ ਜ਼ਾਲਮ ਤੇ ਜ਼ੁਲਮ ਆਪਣੇ ਆਪ ਮਿਟ ਜਾਣਗੇ।”

ਇਸ ਕਾਨਫਰੰਸ ਤੋਂ ਬਾਅਦ ਭਾਈ ਸੇਵਾ ਸਿੰਘ ਨੂੰ ਫਿਰ ਪਟਿਆਲਾ ਰਿਆਸਤ ਦੀ ਪੁਲਿਸ ਨੇ ਚੁਕ ਲਿਆ ਤੇ ਉਹਨਾਂ ਨੂੰ ਪੰਜ ਸਾਲ ਕੈਦ ਤੇ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜਾ ਸੁਣਾਈ ਗਈ; ਪਰ ਲੋਕ ਰੋਹ ਨੇ ਰਿਆਸਤ ਦੀ ਦਾਲ ਨਾ ਗਲਣ ਦਿੱਤੀ ਤੇ ਪੰਜ ਛੇ ਮਹੀਨੇ ਵਿੱਚ ਹੀ ਭਾਈ ਸੇਵਾ ਸਿੰਘ ਹੁਣਾ ਨੂੰ ਛੱਡਣਾ ਪਿਆ।ਪਰਜਾ ਮੰਡਲ ਦੀ ਤੀਜੀ ਮੀਟਿੰਗ 1931 ਵਿੱਚ ਸ਼ਿਮਲੇ ਹੋਈ।ਇਥੇ ਭਾਈ ਸੇਵਾ ਸਿੰਘ ਤੇ ਗਾਂਧੀ ਵਿੱਚ ਗੁਫ਼ਤਗੂ ਹੋਈ।

ਬੰਬਈ ਵਿੱਚ ਹੋਈ ਸਮੁਚੇ ਭਾਰਤੀ ਰਿਆਸਤੀ ਮੰਡਲ ਦੀ ਮੀਟਿੰਗ ਵਿਚ ਭਾਈ ਸੇਵਾ ਸਿੰਘ ਹੁਣਾ ਨੇ ਪਟਿਆਲੇ ਦੇ ਰਾਜੇ ਦਾ ਕੱਚਾ ਚਿੱਠਾ ਤੇ ਫੋਲਿਆ ਹੀ ਨਾਲ ਮੰਗ ਕੀਤੀ ਕਿ ਉਸਤੇ ਲੱਗੇ ਦੋਸ਼ਾਂ ਦੀ ਤਫਤੀਸ਼ ਇੱਕ ਆਜ਼ਾਦ ਜੁਡੀਸ਼ੀਅਲ ਟ੍ਰਿਬਿਊਨਲ ਤੋਂ ਕਰਵਾਈ ਜਾਵੇ।ਇਥੋਂ ਵਾਪਸ ਆਉਣ ਸਾਰ ਪਿੰਡ ਤੋਂ ਹੀ ਪੁਲਿਸ ਨੇ 24 ਅਗਸਤ 1933 ਨੂੰ ਆਪ ਨੂੰ ਚੁਕ ਲਿਆ।11 ਜਨਵਰੀ 1934 ਨੂੰ ਦੋ ਮੁਕਦਮਿਆਂ ਦਾ ਫੈਸਲਾ ਕਰਦਿਆਂ ਜੱਜ ਨੇ ਆਪ ਨੂੰ ‘ਖੁਡਿਆਲਾ ਕਾਨਫਰੰਸ’ ਵਿੱਚ ਕੀਤੀ ਤਕਰੀਰ ਬਦਲੇ ਤਿੰਨ ਸਾਲ ਕੈਦ ਤੇ ਪੰਜ ਸੌ ਜ਼ੁਰਮਾਨਾ ਸੁਣਾਇਆ ; ਨਾਲ ਹੀ ਦਿੱਲੀ ਦੀ ਕਾਨਫਰੰਸ ਵਿਚਲੇ ਆਪ ਦੇ ਯੋਗਦਾਨ ਨੂੰ ਰਿਆਸਤ ਵਿਰੁੱਧ ਬਗਾਵਤ ਤੇ ਅਮਨ ਕਾਨੂੰਨ ਨੂੰ ਭੰਗ ਕਰਨ ਦੇ ਰੂਪ ਵਿੱਚ ਮੰਨਦਿਆਂ ਜੱਜ ਨੇ ਛੇ ਸਾਲ ਕੈਦ ਤੇ ਪੰਦਰਾਂ ਸੌ ਰੁਪਏ ਜ਼ੁਰਮਾਨਾ ਕੀਤਾ।

ਭਾਈ ਸੇਵਾ ਸਿੰਘ ਹੁਣਾ ਨੂੰ ਸੈੰਟਰਲ ਜੇਲ ਵਿੱਚ ਭੇਜ ਦਿੱਤਾ ਗਿਆ।ਜਿੱਥੇ ਆਪ ਦੇ ਨਾਲ ਬਹੁਤ ਭੈੜਾ ਵਰਤਾਉ ਕੀਤਾ ਜਾਂਦਾ ।ਇਸ ਘਟੀਆ ਸਲੂਕ ਦੇ ਵਿਰੁੱਧ ਭੁਖ ਹੜਤਾਲ ਸ਼ੁਰੂ ਕਰ ਦਿੱਤੀ।ਨੌ ਮਹੀਨੇ ਤਕ ਭੁਖ ਹੜਤਾਲ ਤੇ ਰਹੇ। ਇਸ ਸਾਰੇ ਸਮੇਂ ਵਿਚ ਉਹ ਪੂਰਨ ਚੜ੍ਹਦੀਕਲਾ ਵਿੱਚ ਸਨ। 20 ਜਨਵਰੀ 1935 ਨੂੰ ਸਵੇਰੇ ਡੇਢ ਵਜੇ ਦੇ ਕਰੀਬ ਰਾਜਿੰਦਰਾ ਹਸਪਤਾਲ ਵਿੱਚ ਉਹ ਚੜ੍ਹਾਈ ਕਰ ਗਏ।ਉਹਨਾਂ ਦੀ ਲਾਸ਼ ਵੀ ਪ੍ਰਵਾਰ ਨੂੰ ਨ ਦਿੱਤੀ ਗਈ। ਪਟਿਆਲਾ ਸਰਕਾਰ ਨੇ ਜਲਦੀ ਨਾਲ ਸਸਕਾਰ ਕਰ , ਉਹਨਾਂ ਦੀਆਂ ਅਸਥੀਆਂ ਵੀ ਜ਼ਬਤ ਕਰ ਲਈਆਂ। 1938 ਵਿੱਚ ਇਹ ਅਸਥੀਆਂ ਪ੍ਰਵਾਰ ਨੂੰ ਮਿਲੀਆਂ | ਮਹਾਨ ਸੂਰਬੀਰ ਦੀ ਦ੍ਰਿੜਤਾ ਨੂੰ ਸਿਜਦਾ ਕਰਦੇ ਹਾਂ।

 

Exit mobile version