ਚੰਡੀਗੜ੍ਹ, 08 ਜੂਨ 2024: ਦੁਨੀਆ ਭਰ ’ਚ ਵਸਦੇ ਸਿੱਖਾਂ ਨੇ ਆਪਣੇ ਦੇਸ਼ ਅਤੇ ਕੌਮ ਦਾ ਹਮੇਸ਼ਾ ਮਾਣ ਵਧਾਇਆ ਹੈ | ਇਹ ਮਾਣ ਵਾਲੀ ਗੱਲ ਹੈ ਕਿ ਨਿਊਜ਼ੀਲੈਂਡ ’ਚ ਦੋ ਦਸਤਾਰ ਧਾਰੀ ਸਿੱਖ ਨੌਜਵਾਨ ਆਪਣੀ ਮਿਹਨਤ ਨਾਲ ਨਿਊਜ਼ੀਲੈਂਡ ਫ਼ੌਜ (New Zealand army) ’ਚ ਭਰਤੀ ਹੋਏ ਹਨ। ਇਨ੍ਹਾਂ ਦਸਤਾਰ ਧਾਰੀ ਸਿੱਖ ਨੌਜਵਾਨਾਂ ‘ਚ ਇਕ ਨੌਜਵਾਨ ਨਵਦੀਪ ਸਿੰਘ ਸਪੁੱਤਰ ਸਤਪਾਲ ਸਿੰਘ, ਵਾਸੀ ਪਿੰਡ ਛੱਤੀਸਿੰਘਪੁਰਾ, ਜ਼ਿਲ੍ਹਾ ਅਨੰਤਨਾਗ (ਜੰਮੂ ਕਸ਼ਮੀਰ) ਨਾਲ ਸੰਬੰਧਿਤ ਹੈ | ਨਵਦੀਪ ਅੱਠ ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ | ਨਵਦੀਪ ਦਾ ਸਾਰਾ ਪਰਿਵਾਰ ਜੰਮੂ ਕਸ਼ਮੀਰ ‘ਚ ਹੀ ਰਹਿੰਦਾ ਹੈ |
ਇਸਦੇ ਨਾਲ ਹੀ ਦੂਜਾ ਸਿੱਖ ਨੌਜਵਾਨ ਜਪਮਨ ਸਿੰਘ ਸਿੱਧੂ ਸਪੁੱਤਰ ਜਗਜੀਤ ਸਿੰਘ ਸਿੱਧੂ ਹੈ, ਜਿਨ੍ਹਾਂ ਦਾ ਪਿਛੋਕੜ ਕਿ ਹਿਮਾਚਲ ਪ੍ਰਦੇਸ਼ ਤੋਂ ਪਾਉਂਟਾ ਸਾਹਿਬ ਨਾਲ ਸੰਬੰਧਿਤ ਹੈ। ਜਗਜੀਤ ਸਿੰਘ ਸਿੱਧੂ ਆਕਲੈਂਡ ‘ਚ ਇੰਮੀਗ੍ਰੇਸਨ ਦਾ ਕੰਮ ਕਰਦੇ ਹਨ | ਜਪਮਨ ਸਿੰਘ ਸਿੱਧੂ ਦਾ ਜਨਮ ਹੀ ਨਿਊਜ਼ੀਲੈਂਡ ‘ਚ ਹੋਇਆ ਸੀ |