ਚੰਡੀਗੜ੍ਹ, 12 ਅਕਤੂਬਰ 2023: ਦੋਰਾਹਾ (Doraha) ਵਿੱਚ ਇੱਕ ਖਸਤਾ ਹਾਲ ਕੁਆਰਟਰ ਦੀ ਛੱਤ ਅਚਾਨਕ ਡਿੱਗ ਜਾਣ ਕਾਰਨ ਇੱਕ ਹੀ ਪਰਿਵਾਰ ਦੇ ਪੰਜ ਮੈਂਬਰ ਮਲਬੇ ਹੇਠ ਦਬ ਗਏ। ਇਸ ਹਾਦਸੇ ‘ਚ ਪਿਓ ਅਤੇ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪਰਿਵਾਰ ਦੇ ਤਿੰਨ ਹੋਰ ਮੈਂਬਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਬਾਅਦ ਵਿੱਚ ਮ੍ਰਿਤਕਾਂ ਦੀ ਪਛਾਣ ਨਰੇਸ਼ ਉਮਰ ਕਰੀਬ 35 ਸਾਲ ਅਤੇ ਧੀ ਰਾਧਿਕਾ ਉਮਰ ਕਰੀਬ 12 ਸਾਲ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਨਰੇਸ਼ ਆਪਣੇ ਪਰਿਵਾਰ ਨਾਲ ਆਪਣੇ ਕੁਆਰਟਰ ‘ਚ ਸੌਂ ਰਿਹਾ ਸੀ ਕਿ ਅਚਾਨਕ ਕੁਆਰਟਰ ਦੀ ਛੱਤ ਡਿੱਗ ਗਈ। ਛੱਤ ਡਿੱਗਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਗੁਆਂਢੀਆਂ ਦੀ ਮੱਦਦ ਨਾਲ ਕੁਆਰਟਰ ‘ਚੋਂ ਬਾਹਰ ਕੱਢਿਆ ਗਿਆ। ਫਿਲਹਾਲ ਪਰਿਵਾਰ ਦੇ ਦੋ ਮੈਂਬਰ ਖੰਨਾ ਦੇ ਸਿਵਲ ਹਸਪਤਾਲ ਅਤੇ ਇੱਕ ਖੰਨਾ ਦੇ ਆਈ.ਵੀ.ਵਾਈ. ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀਆਂ ਵਿੱਚ ਵਿੱਕੀ, ਗੋਲੀ ਅਤੇ ਜਿਪਸੀ (ਮਾਂ) ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪਾਇਲ ਦੇ ਡੀ.ਐਸ.ਪੀ. ਨਿਖਿਲ ਗਰਗ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।