July 3, 2024 12:52 am
Queen Elizabeth II's palace

ਮਹਾਰਾਣੀ ਐਲਿਜ਼ਾਬੈਥ II ਦੇ ਮਹਿਲ ਨੇੜੇ 19 ਸਾਲਾ ਹਥਿਆਰਬੰਦ ਨੌਜਵਾਨ ਗ੍ਰਿਫ਼ਤਾਰ

ਚੰਡੀਗੜ੍ਹ 26 ਦਸੰਬਰ 2021: ਵਿੰਡਸਰ ਕੈਸਲ ਵਿਖੇ ਸੁਰੱਖਿਆ ਉਲੰਘਣਾ ਤੋਂ ਬਾਅਦ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਹਥਿਆਰ ਬਰਾਮਦ ਕੀਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇੱਥੇ ਮਹਾਰਾਣੀ ਐਲਿਜ਼ਾਬੈਥ II (Queen Elizabeth II) ਕ੍ਰਿਸਮਸ (Christmas) ਮਨਾ ਰਹੀ ਹੈ। ਇਸ ਸੰਬੰਧ ‘ਚ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਮਿਲਾ ਨੇ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਨੌਰਫੋਕ ਵਿੱਚ ਸੈਂਡਰਿੰਘਮ ਅਸਟੇਟ ਵਿੱਚ ਆਪਣੇ ਰਵਾਇਤੀ ਕ੍ਰਿਸਮਸ (Christmas) ਦੇ ਜਸ਼ਨਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ। ਇਸ ਮਗਰੋਂ ਉਹਨਾਂ ਨੇ ਬਰਕਸ਼ਾਇਰ, ਦੱਖਣ-ਪੂਰਬੀ ਇੰਗਲੈਂਡ ਵਿੱਚ ਵਿੰਡਸਰ ਕੈਸਲ ਵਿਖੇ 95 ਸਾਲਾ ਮਹਾਰਾਣੀ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ।

ਥੇਮਸ ਵੈਲੀ (Thames Valley) ਅਤੇ ਮੈਟਰੋਪੋਲੀਟਨ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਥੇਮਸ ਵੈਲੀ (Thames Valley) ਦੀ ਪੁਲਸ ਸੁਪਰਡੈਂਟ ਰੇਬੇਕਾ ਮੀਅਰਸ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਅਸੀਂ ਮੈਟਰੋਪੋਲੀਟਨ ਪੁਲਸ ਦੇ ਸਹਿਯੋਗੀਆਂ ਨਾਲ ਕੰਮ ਕਰ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਜਿਹੜੇ ਨੌਜਵਾਨ ਕੋਲੋਂ ਹਥਿਆਰ ਬਰਾਮਦ ਕੀਤਾ ਗਿਆ ਹੈ ਉਹ ਇਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਹੈ।

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਨੌਜਵਾਨ ਦੀ ਗ੍ਰਿਫ਼ਤਾਰੀ ਉਦੋਂ ਹੋਈ ਜਦੋਂ ਜਦੋਂ ਸੀਸੀਟੀਵੀ ਦੀ ਨਿਗਰਾਨੀ ਕਰ ਰਹੇ ਸੁਰੱਖਿਆ ਨਿਯੰਤਰਕਾਂ ਨੇ ਇੱਕ ਵਿਅਕਤੀ ਨੂੰ ਜਾਂਦੇ ਹੋਏ ਦੇਖਿਆ। ਹਾਲਾਂਕਿ ਪੁਲਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਹਥਿਆਰ ਕੀ ਸੀ ਅਤੇ ਇਹ ਵੀ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਅਕਤੀ ਮਹਿਲ ਦੇ ਕਿੰਨੇ ਨੇੜੇ ਪਹੁੰਚਿਆ ਸੀ। ਇਹ ਦੱਸਿਆ ਜਾ ਰਿਹਾ ਹੈ ਕਿ ਉਹ ਹਥਿਆਰ ਲੈ ਕੇ ਜਾ ਰਿਹਾ ਸੀ। ਸ਼ਨੀਵਾਰ ਨੂੰ ਸਾਲਾਨਾ ਕ੍ਰਿਸਮਸ ਸਮਾਗਮ ਵਿੱਚ ਮਹਾਰਾਣੀ ਨੇ ਆਪਣੇ ਪਤੀ ਪ੍ਰਿੰਸ ਫਿਲਿਪ ਨੂੰ ਸ਼ਰਧਾਂਜਲੀ ਦਿੱਤੀ, ਜਿਸਦੀ ਅਪ੍ਰੈਲ ਵਿੱਚ 99 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।