ਚੰਡੀਗ੍ਹੜ 05 ਦਸੰਬਰ 2022: ਗੁਜਰਾਤ (Gujarat) ਦੇ 14 ਜ਼ਿਲ੍ਹਿਆਂ ਦੀਆਂ 93 ਸੀਟਾਂ ਲਈ ਅੱਜ ਦੂਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਅਹਿਮਦਾਬਾਦ ਵਿੱਚ ਵੋਟ ਪਾਈ । ਜਿਨ੍ਹਾਂ ਜ਼ਿਲ੍ਹਿਆਂ ਵਿੱਚ ਵੋਟਾਂ ਪੈਣਗੀਆਂ ਉਨ੍ਹਾਂ ਵਿੱਚ ਬਨਾਸਕਾਂਠਾ, ਪਾਟਨ, ਮੇਹਸਾਣਾ, ਸਾਬਰਕਾਂਠਾ, ਅਰਾਵਲੀ, ਗਾਂਧੀਨਗਰ, ਅਹਿਮਦਾਬਾਦ, ਆਨੰਦ, ਖੇੜਾ, ਮਹਿਸਾਗਰ, ਪੰਚ ਮਹਿਲ, ਦਾਹੋਦ, ਵਡੋਦਰਾ ਅਤੇ ਛੋਟਾ ਉਦੈਪੁਰ ਸ਼ਾਮਲ ਹਨ।
ਚੋਣ ਕਮਿਸ਼ਨ ਅਨੁਸਾਰ ਗੁਜਰਾਤ ਵਿੱਚ ਸਵੇਰੇ 11 ਵਜੇ ਤੱਕ 19.17% ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਫਿਲਹਾਲ ਸਭ ਤੋਂ ਵੱਧ 23.35 ਫੀਸਦੀ ਲੋਕਾਂ ਨੇ ਛੋਟਾ ਉਦੈਪੁਰ ਜ਼ਿਲੇ ‘ਚ ਵੋਟਿੰਗ ਕੀਤੀ ਹੈ। ਅਹਿਮਦਾਬਾਦ ਵਿੱਚ ਸਭ ਤੋਂ ਘੱਟ 16.95 ਫੀਸਦੀ ਵੋਟਿੰਗ ਹੋਈ।
ਇਸ ਦੌਰਾਨ ਭਾਜਪਾ ਉਮੀਦਵਾਰ ਹਾਰਦਿਕ ਪਟੇਲ ਨੇ ਅਹਿਮਦਾਬਾਦ ਦੇ ਚੰਦਰਨਗਰ ਪ੍ਰਾਇਮਰੀ ਸਕੂਲ ਵਿੱਚ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਭਾਜਪਾ 150 ਤੋਂ ਵੱਧ ਸੀਟਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਵੀ ਸਾਡਾ ਧਿਆਨ ਸੁਰੱਖਿਆ ਅਤੇ ਸੁਸ਼ਾਸਨ ‘ਤੇ ਰਹੇਗਾ।
ਦੂਜੇ ਪਾਸੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤੀ ਜਨਤਾ ਪਾਰਟੀ ‘ਤੇ ਵੱਡਾ ਦੋਸ਼ ਲਗਾਇਆ ਹੈ। ਖੜਗੇ ਨੇ ਟਵੀਟ ਕਰਕੇ ਦਾਂਤਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਉਮੀਦਵਾਰ ‘ਤੇ ਹਮਲੇ ਦਾ ਦੋਸ਼ ਲਗਾਇਆ ਹੈ। ਖੜਗੇ ਨੇ ਲਿਖਿਆ, ‘ਗੁਜਰਾਤ (Gujarat) ਦੇ ਦਾਂਤਾ ਵਿਧਾਨ ਸਭਾ ਤੋਂ ਸਾਡੇ ਵਿਧਾਇਕ ਅਤੇ ਕਬਾਇਲੀ ਉਮੀਦਵਾਰ ਕਾਂਤੀਭਾਈ ਖਰਾੜੀ ‘ਤੇ ਬੀਤੀ ਦੇਰ ਰਾਤ ਭਾਜਪਾ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਹਮਲਾ ਕੀਤਾ। ਉਸ ਨੂੰ ਆਪਣੀ ਜਾਨ ਬਚਾਉਣ ਲਈ ਜੰਗਲਾਂ ਵਿੱਚ ਲੁਕਣ ਲਈ ਮਜਬੂਰ ਹੋਣਾ ਪਿਆ। ਕੀ ਚੋਣ ਕਮਿਸ਼ਨ ਨੂੰ ਇਸ ‘ਤੇ ਕਾਰਵਾਈ ਨਹੀਂ ਕਰਨੀ ਚਾਹੀਦੀ? ਭਾਜਪਾ ਹਾਰ ਦੇ ਡਰ ਕਾਰਨ ਘਬਰਾ ਗਈ ਹੈ।