Site icon TheUnmute.com

ਨਵਾਂਸ਼ਹਿਰ ਜ਼ਿਲ੍ਹੇ ‘ਚ ਸ਼ੁਰੂ ਹੋਣਗੇ 18 ਨਵੇਂ ਆਮ ਆਦਮੀ ਕਲੀਨਿਕ: ਡਿਪਟੀ ਕਮਿਸ਼ਨਰ ਰੰਧਾਵਾ

ਖੇਤੀ ਬੁਨਿਆਦੀ ਢਾਂਚਾ ਫੰਡ ਸਕੀਮ

ਨਵਾਂਸ਼ਹਿਰ 24 ਨਵੰਬਰ 2022: ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਸਮੇਤ ਜ਼ਿਲ੍ਹੇ ਵਿਚ ਨਵੇਂ ਆਮ ਆਦਮੀ ਕਲੀਨਿਕ (Aam Aadmi clinics) ਬਣਾਉਣ, ਮੌਜੂਦਾ ਸਮੇਂ ਵਿਚ ਡੇਂਗੂ ਦੀ ਬਿਮਾਰੀ ਦੇ ਪੈਰ ਪਸਾਰਨ ਦੇ ਖਤਰੇ ਨੂੰ ਰੋਕਣ, ਜ਼ਿਲ੍ਹੇ ਵਿਚ ਮਾਵਾਂ ਤੇ ਬੱਚਿਆਂ ਦੇ 100 ਫੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ, ਪੀ.ਸੀ.ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੀਟਿੰਗ ਵਿਚ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਸਮੇਤ ਵੱਖ-ਵੱਖ ਸਹਿਯੋਗੀ ਵਿਭਾਗਾਂ ਦੇ ਨੁਮਾਇੰਦੇ ਮੌਜੂਦ ਸਨ।

ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਭ ਤੋਂ ਪਹਿਲਾਂ ਜ਼ਿਲ੍ਹਾ ਸਿਹਤ ਵਿਭਾਗ ਨੂੰ ਜ਼ਿਲ੍ਹੇ ਵਿਚ ਟੀ ਬੀ ਦੇ 20 ਫੀਸਦੀ ਕੇਸ ਘਟਾਉਣ ਲਈ ਭਾਰਤ ਸਰਕਾਰ ਵੱਲੋਂ ਬ੍ਰਾਊਂਜ ਮੈਡਲ ਦਾ ਸਨਮਾਨ ਮਿਲਣ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਹ ਸਨਮਾਨ ਸਿਹਤ ਵਿਭਾਗ ਦੀਆਂ ਮਾਨਵਤਾ ਪ੍ਰਤੀ ਸੇਵਾਵਾਂ ’ਤੇ ਮੋਹਰ ਲਾਉਂਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸੰਸਥਾਗਤ ਜਣੇਪਿਆਂ ਵਿਚ ਸਰਕਾਰੀ ਸਿਹਤ ਸੰਸਥਾਵਾਂ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਪਛਾੜਨਾ ਵੀ ਸ਼ਲਾਘਾਯੋਗ ਹੈ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿਚ 18 ਨਵੇਂ ਆਮ ਆਦਮੀ ਕਲੀਨਿਕ ਬਣਾਏ ਜਾਣੇ ਹਨ, ਜਿਨ੍ਹਾਂ ਵਿਚੋਂ ਸਿਹਤ ਵਿਭਾਗ ਦੇ 17 ਮੁੱਢਲੇ ਸਿਹਤ ਕੇਂਦਰਾਂ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਕੇ ਆਮ ਆਦਮੀ ਕਲੀਨਿਕ ਵਜੋਂ ਬਣਾਏ ਜਾਣਗੇ, ਜਦਕਿ ਅਰਬਨ ਖੇਤਰ ਵਿਚ ਇਕ ਆਦਮੀ ਕਲੀਨਿਕ ਬਣਾਉਣ ਲਈ ਥਾਂ ਦੀ ਪਛਾਣ ਕੀਤੀ ਜਾਵੇਗੀ।

ਸਮਾਜ ਦੇ ਹਰ ਵਰਗ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨਵੇਂ ਆਮ ਆਦਮੀ ਕਲੀਨਿਕ 26 ਜਨਵਰੀ, 2023 ਤੱਕ ਸ਼ੁਰੂ ਕੀਤੇ ਜਾਣੇ ਹਨ, ਇਸ ਲਈ ਸਿਹਤ ਵਿਭਾਗ ਸਹਿਯੋਗ ਵਿਭਾਗਾਂ ਨਾਲ ਤਾਲਮੇਲ ਕਰਕੇ ਇਸ ਦਿਸ਼ਾ ਵਿਚ ਕਾਰਜ ਆਰੰਭ ਕਰਨੇ ਯਕੀਨੀ ਬਣਾਏ। ਹਰੇਕ ਪ੍ਰਾਈਮਰੀ ਹੈਲਥ ਸੈਂਟਰ ਦੇ ਢਾਂਚੇ ਨੂੰ ਹੋਰ ਮਜ਼ਬੂਤ ਬਣਾ ਕੇ ਆਮ ਆਦਮੀ ਕਲੀਨਿਕ (Aam Aadmi clinics) ਬਣਾਉਣ ’ਤੇ ਤਕਰੀਬਨ 25 ਲੱਖ ਰੁਪਏ ਤੱਕ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 26 ਜਨਵਰੀ 2023 ਨੂੰ ਜ਼ਿਲ੍ਹੇ ਵਿੱਚ 18 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਸਿਹਤ ਖੇਤਰ ਵਿਚ ਵੱਡੀ ਪੁਲਾਂਘ ਹੋਵੇਗੀ।

ਉਨ੍ਹਾਂ ਹਦਾਇਤ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਵਿਚ ਡੇਂਗੂ ਨੇ ਮੁੜ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਲਈ ਸਿਹਤ ਵਿਭਾਗ ਸਮੇਤ ਹੋਰਨਾਂ ਸਹਿਯੋਗੀ ਵਿਭਾਗਾਂ ਨੂੰ ਹੋਰ ਚੌਕਸ ਹੋਣ ਦੀ ਜ਼ਰੂਰਤ ਹੈ। ਇਸ ਲਈ ਡੇਂਗ ਦੀ ਰੋਕਥਾਮ ਲਈ ਸਰਵੇਖਣ, ਜਾਂਚ ਤੇ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਜ਼ਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਨਿਰੰਤਰ ਸਰਵੇ, ਜਾਂਚ ਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਣ। ਉਨ੍ਹਾਂ ਕਿਹਾ ਕਿ ਹਫ਼ਤੇ ਦੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਵੇ ਅਤੇ “ਹਰ ਐਤਵਾਰ ਡੇਂਗੂ ’ਤੇ ਵਾਰ” ਮੁਹਿੰਮ ਨੂੰ ਤੇਜ਼ ਕੀਤਾ ਜਾਵੇ। ਡੇਂਗੂ ਤੋਂ ਬਚਾਅ ਲਈ ਆਪਣੇ ਆਲੇ-ਦੁਆਲੇ ਅਤੇ ਹਫਤੇ ਵਿਚ ਇਕ ਵਾਰ ਕੂਲਰਾਂ, ਫਰਿੱਜ਼ ਦੀ ਟਰੇਅ ਦੀ ਸਫਾਈ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ।

ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਸੰਸਥਾਗਤ ਜਣੇਪੇ ਨੂੰ ਹੋਰ ਵਧਾਉਣ ਲਈ ਯਤਨ ਕਰਨ ਦੇ ਹੁਕਮ ਦਿੰਦਿਆਂ ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ ਦੀ ਐਂਟੀਨੇਟਲ ਚੈਕ ਅੱਪ ਰਜਿਸ਼ਟ੍ਰੇਸ਼ਨ ਵਧਾਈ ਜਾਵੇ ਅਤੇ ਹਰ ਇੱਕ ਉੱਚ ਜੋਖਮ ਵਾਲੀਆਂ ਮਾਵਾਂ ਦਾ ਵਿਸ਼ੇਸ਼ ਧਿਆਨ ਰੱਖ ਕੇ, ਉਨ੍ਹਾਂ ਦਾ ਸੁਰੱਖਿਅਤ ਜਣੇਪਾ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਜਣੇਪੇ ਦੀ ਦਰ ਨੂੰ ਹੋਰ ਵਧਾਉਣ ਲਈ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਵਾਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਬਾਲ ਸਵੱਸਥਿਆ ਕਾਰਿਆਕ੍ਰਮ (ਆਰ.ਬੀ.ਐੱਸ.ਕੇ.) ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾਵੇ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਅਤੇ ਆਂਗਣਵਾੜੀਆਂ ਵਿਚ ਰਜਿਸਟਰਡ ਜ਼ਿਲ੍ਹੇ ਦੇ 0 ਤੋਂ 18 ਸਾਲ ਤੱਕ ਦੇ ਬਿਮਾਰ ਬੱਚਿਆਂ ਦਾ ਸਿਹਤ ਵਿਭਾਗ ਦੀਆਂ ਮੋਬਾਇਲ ਸਿਹਤ ਟੀਮਾਂ ਮਿੱਥੇ ਸਮੇਂ ’ਚ ਇਲਾਜ ਯਕੀਨੀ ਬਣਾਉਣ।
ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਅਧੀਨ ਉਨ੍ਹਾਂ ਕਿਹਾ ਕਿ ਟੀਕਾਕਰਨ ਦੇ 100 ਫੀਸਦੀ ਟੀਚੇ ਨੂੰ ਪ੍ਰਾਪਤ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬੰਗਾ ਸਮੇਤ ਕੁਝ ਇਲਾਕਿਆਂ ਵਿਚ ਟੀਕਾਕਰਨ ਦੀ ਦਰ ਘੱਟ ਹੈ, ਉਨ੍ਹਾਂ ਇਲਾਕਿਆਂ ਵਿਚ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਦੱਸਿਆ ਕਿ ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਮਹੀਨਾ ਅਕਤੂਬਰ ਦੌਰਾਨ ਜ਼ਿਲ੍ਹੇ ਵਿਚ ਤੰਬਾਕੂ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 95 ਚਲਾਨ ਕੀਤੇ ਗਏ, ਜਿਨ੍ਹਾਂ ਵਿਚ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਬਾਕੀ ਵਿਭਾਗਾਂ ਦੇ ਮੁਕਾਬਲੇ ਸਭ ਤੋਂ ਬਿਹਤਰ ਰਹੀ। ਉਨ੍ਹਾਂ ਕਿਹਾ ਕਿ ਕੋਟਪਾ ਐਕਟ ਨੂੰ ਜ਼ਿਲ੍ਹੇ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਲਈ ਮਿਊਂਸੀਪਲ ਕਮੇਟੀ ਨਵਾਂਸ਼ਹਿਰ ਤੇ ਟ੍ਰੈਫਿਕ ਪੁਲਿਸ ਬੰਗਾ ਨੂੰ ਵੀ ਆਪਣਾ ਬਣਦਾ ਸਹਿਯੋਗ ਦੇਣ ਲਈ ਕਿਹਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਡਾ. ਰਵਿੰਦਰ ਸਿੰਘ, ਡਾ. ਗੁਰਿੰਦਰਜੀਤ ਸਿੰਘ, ਡਾ. ਕੁਲਵਿੰਦਰ ਮਾਨ, ਡਾ. ਪ੍ਰਤਿਭਾ ਵਰਮਾ, ਡਾ. ਨਿਰਮਲ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Exit mobile version