WHO

ਪਿਛਲੇ ਹਫ਼ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ‘ਚ 18 ਫੀਸਦੀ ਵਾਧਾ : WHO

ਚੰਡੀਗੜ੍ਹ 30 ਜੂਨ 2022: ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਇੱਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ | ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਗਲੋਬਲ ਪੱਧਰ ‘ਤੇ 41 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਹਫ਼ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ‘ਚ 18 ਫੀਸਦੀ ਦਾ ਵਾਧਾ ਹੋਇਆ ਹੈ।

ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਰਿਪੋਰਟ ‘ਚ ਕਿਹਾ ਕਿ ਦੁਨੀਆ ਭਰ ‘ਚ ਮੌਤਾਂ ਦੀ ਗਿਣਤੀ ਲਗਭਗ 8,500 ਰਹੀ ਜੋ ਪਿਛਲੇ ਹਫ਼ਤੇ ਦੀ ਤਰ੍ਹਾਂ ਹੀ ਹੈ। ਤਿੰਨ ਖੇਤਰਾਂ ਪੱਛਮੀ ਏਸ਼ੀਆ, ਦੱਖਣੀ ਪੂਰਬੀ ਏਸ਼ੀਆ ਅਤੇ ਅਮਰੀਕਾ ‘ਚ ਕੋਰੋਨਾ ਨਾਲ ਸਬੰਧਿਤ ਮੌਤ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ।

ਜਾਰੀ ਰਿਪੋਰਟ ਮੁਤਾਬਕ, ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਸਭ ਤੋਂ ਵੱਡਾ ਹਫ਼ਤਾਵਾਰੀ ਵਾਧਾ ਪੱਛਮੀ ਏਸ਼ੀਆ ‘ਚ ਦੇਖਿਆ ਗਿਆ ਜਿਥੇ 47 ਫੀਸਦੀ ਦਾ ਵਾਧਾ ਹੋਇਆ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਯੂਰਪ ਅਤੇ ਦੱਖਣੀ ਪੂਰਬ ਏਸ਼ੀਆ ‘ਚ ਇਨਫੈਕਸ਼ਨ ਲਗਭਗ 32 ਫੀਸਦੀ ਅਤੇ ਅਮਰੀਕਾ ‘ਚ ਲਗਭਗ 14 ਫੀਸਦੀ ਵਧਿਆ ਹੈ।

WHO ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਨੋਮ ਗੇਬ੍ਰੇਸਸ ਨੇ ਕਿਹਾ ਕਿ 110 ਦੇਸ਼ਾਂ ‘ਚ ਮਾਮਲੇ ਵਧ ਰਹੇ ਹਨ ਅਤੇ ਜ਼ਿਆਦਾਤਰ ਮਾਮਲੇ ਓਮੀਕ੍ਰੋਨ ਬੀ.ਏ.4 ਅਤੇ ਬੀ.ਏ.5 ਦੇ ਹਨ।

ਉਨ੍ਹਾਂ ਕਿਹਾ ਕਿ ਇਹ ਮਹਾਮਾਰੀ ਬਦਲ ਰਹੀ ਹੈ ਪਰ ਇਹ ਖਤਮ ਨਹੀਂ ਹੋਈ ਹੈ। ਉਨ੍ਹਾਂ ਦੇਸ਼ਾਂ ਤੋਂ ਸਿਹਤਮੰਦਾਂ ਅਤੇ 60 ਤੋਂ ਜ਼ਿਆਦਾ ਉਮਰ ਦੇ ਲੋਕਾਂ ਸਮੇਤ ਆਪਣੀ ਸਭ ਤੋਂ ਸੰਵੇਦਨਸ਼ੀਲ ਆਬਾਦੀ ਸਮੂਹਾਂ ਦਾ ਟੀਕਾਕਰਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਲੋਕਾਂ ਦਾ ਟੀਕਾਕਰਨ ਨਹੀਂ ਹੁੰਦਾ ਤਾਂ ਗੰਭੀਰ ਬੀਮਾਰੀ ਅਤੇ ਮੌਤ ਦਾ ਖਤਰਾ ਹੈ। ਟੇਡ੍ਰੋਸ ਨੇ ਕਿਹਾ ਕਿ ਗਲੋਬਲ ਪੱਧਰ ‘ਤੇ 1.2 ਅਰਬ ਤੋਂ ਜ਼ਿਆਦਾ ਕੋਰੋਨਾ ਟੀਕੇ ਲਾਏ ਜਾ ਚੁੱਕੇ ਹਨ ਅਤੇ ਗਰੀਬ ਦੇਸ਼ਾਂ ‘ਚ ਔਸਤ ਟੀਕਾਕਰਨ ਦਰ ਲਗਭਗ 13 ਫੀਸਦੀ ਹੈ।

Scroll to Top