Site icon TheUnmute.com

ਆਪਣੇ ਡਰਾਇਵਰ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ 16 ਲੱਖ ਦੀ ਠੱਗੀ, ਕੈਨੇਡਾ ਬੈਠੇ ਪ੍ਰਾਪਰਟੀ ਕਾਰੋਬਾਰੀ ’ਤੇ ਪਰਚਾ ਦਰਜ

ਠੱਗੀ

ਸਮਰਾਲਾ, 25 ਅਪ੍ਰੈਲ 2023: ਮਾਛੀਵਾੜਾ ਇਲਾਕੇ ਦੇ ਪ੍ਰਾਪਰਟੀ ਕਾਰੋਬਾਰੀ ਰਹੇ ਅਤੇ ਹੁਣ ਕੈਨੇਡਾ ’ਚ ਰਹਿ ਰਹੇ ਹਰਮਿੰਦਰ ਸਿੰਘ ਵਾਸੀ ਹੰਬੋਵਾਲ, ਗੁਰੂ ਕਾਲੋਨੀ ’ਤੇ ਸਥਾਨਕ ਪੁਲਿਸ ਨੇ ਆਪਣੇ ਡਰਾਇਵਰ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਇੱਕ ਹੋਰ ਮਾਮਲਾ ਦਰਜ ਕਰ ਲਿਆ ਹੈ ਜਦਕਿ ਕਥਿਤ ਦੋਸ਼ੀ ਉੱਪਰ ਇਸ ਤੋਂ ਪਹਿਲਾਂ ਧੋਖਾਦੜੀ ਦੇ ਪਿਛਲੇ ਕੁਝ ਮਹੀਨਿਆਂ ਅੰਦਰ 2 ਮਾਮਲੇ ਪਹਿਲਾਂ ਦਰਜ ਹੋ ਚੁੱਕੇ ਹਨ।

ਅਕਾਲਗੜ ਦੇ ਵਾਸੀ ਚਰਨਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਲੜਕਾ ਗੁਰਜੀਤ ਸਿੰਘ ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ ਤੇ ਉਸਦੇ ਪਿਤਾ ਰਜਿੰਦਰ ਸਿੰਘ ਕੋਲ ਡਰਾਇਵਰੀ ਕਰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਹਰਮਿੰਦਰ ਸਿੰਘ ਨੇ ਮੇਰੇ ਲੜਕੇ ਨੂੰ ਦੱਸਿਆ ਕਿ ਉਸਦੀ ਪਤਨੀ, ਬੱਚੇ ਅਤੇ ਸਾਲੀ ਪਰਿਵਾਰ ਨਾਲ ਪੱਕੇ ਤੌਰ ’ਤੇ ਕੈਨੇਡਾ ਰਿਹਾਇਸ਼ੀ ਮਕਾਨ ’ਚ ਰਹਿ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਵੀ ਕਈ ਨੌਜਵਾਨਾਂ ਨੂੰ ਕੈਨੇਡਾ ਭੇਜ ਕੇ ਉੱਥੇ ਰੁਜਗਾਰ ਦਿਵਾਇਆ ਹੈ।

ਉਸਨੇ ਮੇਰੇ ਲੜਕੇ ਨੂੰ ਝਾਂਸਾ ਦਿੱਤਾ ਕਿ ਉਹ ਉਸ ਨੂੰ ਕੈਨੇਡਾ ਭੇਜ ਦੇਵੇਗਾ ਅਤੇ ਆਪਣੇ ਹੀ ਮਕਾਨ ਦੀ ਬੈਸਮੈਂਟ ਵਿਚ ਰੱਖ ਲਵੇਗਾ ਪਰ ਉਸ ਨੂੰ ਲਿਜਾਣ ਲਈ 28 ਲੱਖ ਰੁਪਏ ਦਾ ਖਰਚ ਆਵੇਗਾ। ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਉਸਨੇ ਹਰਮਿੰਦਰ ਸਿੰਘ ਦੇ ਪਿਤਾ ਰਜਿੰਦਰ ਸਿੰਘ ਨਾਲ ਵੀ ਗੱਲ ਕੀਤੀ ਕਿ ਉਹ ਉਸਦੇ ਲੜਕੇ ਗੁਰਜੀਤ ਸਿੰਘ ਨੂੰ ਵਿਦੇਸ਼ ਭੇਜ ਦੇਣਗੇ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਜ਼ਰੂਰ ਭੇਜਣਾ ਚਾਹੀਦਾ ਹੈ।

ਸਾਰੇ ਪਰਿਵਾਰ ਵਲੋਂ ਭਰੋਸਾ ਦੇਣ ਤੋਂ ਬਾਅਦ ਮੈਂ ਆਪਣੇ ਲੜਕੇ ਦੇ ਪਾਸਪੋਰਟ, ਫੋਟੋਆਂ, ਸਕੂਲ ਸਰਟੀਫਿਕੇਟ ਤੇ ਹੋਰ ਜ਼ਰੂਰੀ ਦਸਤਾਵੇਜ਼ ਤੋਂ ਇਲਾਵਾ 7 ਲੱਖ ਰੁਪਏ ਪੇਸ਼ਗੀ ਵਜੋਂ ਦੇ ਦਿੱਤੇ। ਇਸ ਤੋਂ ਇਲਾਵਾ ਗੁਰਜੀਤ ਸਿੰਘ ਦੀ ਜਾਇਦਾਦ, ਸਲਾਨਾ ਆਮਦਨ ਸਰਟੀਫਿਕੇਟ ਅਤੇ ਸੀ.ਏ. ਦੀ ਰਿਪੋਰਟ ’ਤੇ 12 ਹਜ਼ਾਰ ਰੁਪਏ ਖਰਚਕੇ ਹਰਮਿੰਦਰ ਸਿੰਘ ਨੂੰ ਸੌਂਪ ਦਿੱਤੇ। ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਉਸਨੇ ਹਰਮਿੰਦਰ ਸਿੰਘ ਤੇ ਉਸਦਾ ਪਿਤਾ ਰਜਿੰਦਰ ਸਿੰਘ ਨੂੰ ਵੱਖ-ਵੱਖ ਮਿਤੀਆਂ ਰਾਹੀਂ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 16 ਲੱਖ ਰੁਪਏ ਕੁੱਲ ਦੇ ਦਿੱਤੇ ਪਰ ਉਨ੍ਹਾਂ ਨੇ ਗੁਰਜੀਤ ਸਿੰਘ ਨੂੰ ਕੈਨੇਡਾ ਨਹੀਂ ਭੇਜਿਆ।

ਚਰਨਜੀਤ ਸਿੰਘ ਅਨੁਸਾਰ ਜਦੋਂ ਵੀ ਉਹ ਹਰਮਿੰਦਰ ਸਿੰਘ ਤੇ ਉਸਦੇ ਪਿਤਾ ਰਜਿੰਦਰ ਸਿੰਘ ਨੂੰ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਕਹਿੰਦੇ ਤਾਂ ਉਹ ਟਾਲ-ਮਟੋਲ ਕਰਦੇ ਰਹੇ। ਪੁਲਿਸ ਅਧਿਕਾਰੀਆਂ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਪਾਇਆ ਗਿਆ ਕਿ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੇ ਗੁਰਜੀਤ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ ਉਸਦੇ ਪਿਤਾ ਚਰਨਜੀਤ ਸਿੰਘ ਨਾਲ 16 ਲੱਖ ਰੁਪਏ ਦੀ ਧੋਖਾਦੜੀ ਕੀਤੀ ਜਿਸ ’ਤੇ ਮਾਛੀਵਾਵਾੜਾ ਪੁਲਿਸ ਨੇ ਉਕਤ ਦੋਵਾਂ ਕਥਿਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸ ਸਬੰਧੀ ਮਾਛੀਵਾੜਾ ਪੁਲਿਸ ਨੇ ਮਾਮਲੇ ਦਾ ਕਥਿਤ ਦੋਸ਼ੀ ਹਰਮਿੰਦਰ ਸਿੰਘ ਪਹਿਲਾਂ ਹੀ ਵਿਦੇਸ਼ ਜਾ ਚੁੱਕਾ ਹੈ ।

ਚਰਨਜੀਤ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਗੁਰਜੀਤ ਸਿੰਘ ਜੋ ਕਿ ਪ੍ਰਾਪਰਟੀ ਕਾਰੋਬਾਰੀ ਹਰਮਿੰਦਰ ਸਿੰਘ ਕੋਲ ਡਰਾਇਵਰੀ ਕਰਦਾ ਸੀ ਅਤੇ 09-01-2023 ਨੂੰ ਉਨ੍ਹਾਂ ਨੂੰ ਡੀਐੱਸਪੀ ਸਮਰਾਲਾ ਤੋਂ ਫੋਨ ਆਇਆ ਕਿ ਇੱਥੇ ਪੇਸ਼ ਹੋਵੇ ਤੁਹਾਡੇ ਨਾਮ ’ਤੇ ਇੱਕ ਸ਼ਿਕਾਇਤ ਆਈ ਹੈ। ਡੀਐੱਸਪੀ ਦਫ਼ਤਰ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਮ ਰਤਨ ਵਾਸੀ ਖਰੜ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਿੱਤੀ ਹੋਈ ਹੈ ਜਿਸ ਵਿਚ ਹਰਮਿੰਦਰ ਸਿੰਘ, ਉਸਦੇ ਪਿਤਾ ਰਜਿੰਦਰ ਸਿੰਘ ਤੇ ਮੇਰੇ ਲੜਕੇ ਗੁਰਜੀਤ ਸਿੰਘ ਨੂੰ ਦੋਸ਼ੀ ਸ਼ਾਮਲ ਕੀਤਾ ਹੋਇਆ ਹੈ। ਡੀ.ਐਸ.ਪੀ ਸਮਰਾਲਾ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਇੱਕ ਜ਼ਮੀਨ ਦਾ ਸੌਦਾ ਰਾਮ ਰਤਨ ਨਾਲ ਕੀਤਾ ਹੈ, ਪਰ ਇਸ ਜ਼ਮੀਨ ਦੀ ਰਜਿਸਟਰੀ ਨਾ ਕਰਵਾਈ।

ਸ਼ਿਕਾਇਤਕਰਤਾ ਚਰਨਜੀਤ ਸਿੰਘ ਅਨੁਸਾਰ ਹਰਮਿੰਦਰ ਸਿੰਘ ਨੇ ਮੇਰੇ ਲੜਕੇ ਨੂੰ ਵਿਦੇਸ਼ ਭੇਜਣ ਲਈ ਅਸ਼ਟਾਮ ਪੇਪਰ ਵੀ ਲਏ ਸਨ ਅਤੇ ਕਿਹਾ ਸੀ ਕਿ ਵੀਜ਼ਾ ਫਾਈਲ ’ਚ ਵਰਕ ਐਗਰੀਮੈਂਟ ਵਜੋਂ ਦਿਖਾਉਣੇ ਹਨ ਬਲਕਿ ਉਲਟਾ ਇਨ੍ਹਾਂ ਅਸ਼ਟਾਮ ਪੇਪਰਾਂ ਦੀ ਦੁਰਵਰਤੋ ਕਰ ਜ਼ਮੀਨ ਦਾ ਸੌਦਾ ਕਰ ਲਿਆ, ਇੱਥੋਂ ਤੱਕ ਕਿ ਮੇਰੇ ਲਡ਼ਕੇ ਗੁਰਜੀਤ ਸਿੰਘ ਦੇ ਗਵਾਹ ਵਜੋਂ ਜਾਅਲੀ ਦਸਤਖ਼ਤ ਵੀ ਕਰਵਾ ਲਏ ।

ਚਰਨਜੀਤ ਸਿੰਘ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਮੇਰੇ ਲੜਕੇ ਨੂੰ ਕਿਹਾ ਕਿ ਕੈਨੇਡਾ ਭੇਜਣ ਲਈ ਉਸਦੇ ਖਾਤੇ ’ਚ ਲੱਖਾਂ ਰੁਪਏ ਦੀ ਐਂਟਰੀ ਦਿਖਾਉਣੀ ਪਵੇਗੀ ਅਤੇ ਉਸਨੇ ਕਿਸੇ ਦੇ ਖਾਤੇ ’ਚੋਂ ਲੱਖਾਂ ਰੁਪਏ ਦੀ ਐਂਟਰੀ ਪਵਾਈ ਜੋ ਕਿ ਉਸਨੇ ਕੁਝ ਰਕਮ ਨਕਦ ਕਢਵਾ ਕੇ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੂੰ ਦੇ ਦਿੱਤੀ ਅਤੇ ਇੱਕ 4 ਲੱਖ ਰੁਪਏ ਦੀ ਐਂਟਰੀ ਮਾਛੀਵਾੜਾ ਦੇ ਇੱਕ ਹੋਰ ਪ੍ਰਾਪਰਟੀ ਕਾਰੋਬਾਰੀ ਦੇ ਖਾਤੇ ਵਿਚ ਪਵਾ ਦਿੱਤੀ। ਬਾਅਦ ਵਿਚ ਡੀਐੱਸਪੀ ਦਫ਼ਤਰ ਜਾ ਕੇ ਪਤਾ ਲੱਗਾ ਕਿ ਇਹ 17.50 ਲੱਖ ਰੁਪਏ ਰਾਮ ਰਤਨ ਨੇ ਹਰਮਿੰਦਰ ਸਿੰਘ ਨਾਲ ਕੀਤੇ ਇੱਕ ਜ਼ਮੀਨ ਦੇ ਸੌਦੇ ਸਬੰਧੀ ਉਸਦੇ ਲੜਕੇ ਦੇ ਖਾਤੇ ’ਚ ਪਵਾਈ ਸੀ ਜਦਕਿ ਉਹ ਤਾਂ ਰਾਮ ਰਤਨ ਨੂੰ ਜਾਣਦਾ ਵੀ ਨਹੀਂ। ਹਰਪ੍ਰੀਤ ਅਨੁਸਾਰ ਹਰਮਿੰਦਰ ਸਿੰਘ ਤੇ ਰਜਿੰਦਰ ਸਿੰਘ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਉਸਦੇ ਲੜਕੇ ਗੁਰਜੀਤ ਸਿੰਘ ਦੇ ਨਾਮ ’ਤੇ ਲਏ ਅਸ਼ਟਾਮ ਪੇਪਰਾਂ ਦੀ ਵੀ ਦੁਰਵਰਤੋ ਕੀਤੀ ਅਤੇ ਧੋਖੇ ਨਾਲ ਉਸਦੇ ਲੜਕੇ ਦੇ ਖਾਤੇ ’ਚ ਪੈਸੇ ਪਵਾ ਕੇ ਕਢਵਾ ਲਏ।

ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਇਮੀਗ੍ਰੇਸ਼ਨ ਅਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ ਅਸਲ ਵਿੱਚ ਇਹ ਲੋਕਾ ਨਾਲ ਠੱਗੀਆ ਮਾਰਨ ਦਾ ਕੰਮ ਕਰਦਾ ਸੀ ਸਾਡੇ ਕੋਲ ਫ਼ਿਲਹਾਲ ਦੋ ਮੁੱਕਦਮੇ ਦਰਜ਼ ਹੋਏ ਹਨ ਜਿਹਨਾਂ ਵਿਚ ਇਸ ਨੇ ਇੱਕ ਨਾਲ 94 ਲੱਖ ਅਤੇ ਦੂਜੇ ਨਾਲ 16 ਲੱਖ ਦੀ ਠੱਗੀ ਮਾਰੀ ਹੈ ।

 

Exit mobile version