Site icon TheUnmute.com

ਪੱਛਮੀ ਬੰਗਾਲ ‘ਚ ਪੰਚਾਇਤ ਚੋਣਾਂ ਦੌਰਾਨ ਹਿੰਸਾ ‘ਚ 15 ਜਣਿਆਂ ਦੀ ਮੌਤ, ਅਮਿਤ ਸ਼ਾਹ ਨੇ ਸੂਬਾ ਸਰਕਾਰ ਤੋਂ ਮੰਗੀ ਰਿਪੋਰਟ

West Bengal

ਚੰਡੀਗੜ੍ਹ, 08 ਜੁਲਾਈ 2023: ਪੱਛਮੀ ਬੰਗਾਲ (West Bengal) ਵਿੱਚ 73,887 ਗ੍ਰਾਮ ਪੰਚਾਇਤ ਸੀਟਾਂ ਵਿੱਚੋਂ 64,874 ਲਈ ਵੋਟਿੰਗ ਖ਼ਤਮ ਹੋ ਗਈ ਹੈ। ਬਾਕੀ 9,013 ਸੀਟਾਂ ‘ਤੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਸਭ ਤੋਂ ਵੱਧ 8,874 ਉਮੀਦਵਾਰ ਜੋ ਬਿਨਾਂ ਮੁਕਾਬਲਾ ਚੁਣੇ ਗਏ ਹਨ, ਉਹ ਤ੍ਰਿਣਮੂਲ ਕਾਂਗਰਸ ਦੇ ਹਨ। ਦੁਪਹਿਰ 3 ਵਜੇ ਤੱਕ 51 ਫੀਸਦੀ ਪੋਲਿੰਗ ਹੋ ਚੁੱਕੀ ਹੈ। ਅੰਤ ਤੋਂ ਬਾਅਦ ਦਾ ਅੰਕੜਾ ਅਜੇ ਤੱਕ ਨਹੀਂ ਆਇਆ। ਚੋਣਾਂ ਦੇ ਨਤੀਜੇ 11 ਜੁਲਾਈ ਨੂੰ ਆਉਣਗੇ।

ਕੇਂਦਰੀ ਬਲਾਂ ਦੀ ਤਾਇਨਾਤੀ ਤੋਂ ਬਾਅਦ ਵੀ ਵੱਖ-ਵੱਖ ਇਲਾਕਿਆਂ ਤੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਬੂਥ ਲੁੱਟਣ, ਬੈਲਟ ਪੇਪਰ ਪਾੜਨ, ਬੈਲਟ ਪੇਪਰਾਂ ਨੂੰ ਸਾੜਨ ਦੀਆਂ ਘਟਨਾਵਾਂ ਕਈ ਇਲਾਕਿਆਂ ਤੋਂ ਦੇਖਣ ਨੂੰ ਮਿਲੀਆਂ। ਕੂਚ ਬਿਹਾਰ ਦੇ ਮਾਥਭੰਗਾ-1 ਬਲਾਕ ਦੇ ਹਜ਼ਰਹਤ ਪਿੰਡ ਵਿੱਚ ਇੱਕ ਨੌਜਵਾਨ ਬੈਲਟ ਬਾਕਸ ਲੈ ਕੇ ਭੱਜ ਗਿਆ।

ਦੱਖਣੀ 24 ਪਰਗਨਾ ਦੇ ਭਾਂਗੜ ਬਲਾਕ ਦੇ ਜਮੀਰਗਾਚੀ ਵਿੱਚ ਭਾਰਤੀ ਧਰਮ ਨਿਰਪੱਖ ਮੋਰਚਾ (ISF) ਅਤੇ TMC ਵਰਕਰਾਂ ਵਿੱਚ ਝੜੱਪ ਹੋ ਗਈ। ਕਈ ਥਾਵਾਂ ‘ਤੇ ਪਿਸਤੌਲਾਂ ਤਾਣ ਕੇ ਖੜੇ ਵਿਅਕਤੀ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ । ਫਿਲਹਾਲ ਕੇਂਦਰੀ ਫੋਰਸ ਇੱਥੇ ਤਾਇਨਾਤ ਹੈ।

ਪਿਛਲੇ 24 ਘੰਟਿਆਂ ਵਿੱਚ ਚੋਣ ਹਿੰਸਾ ਵਿੱਚ ਛੇ ਜ਼ਿਲ੍ਹਿਆਂ ਵਿੱਚ 15 ਜਣਿਆ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮਰਨ ਵਾਲਿਆਂ ਵਿੱਚ ਅੱਠ ਟੀਐਮਸੀ ਵਰਕਰ, ਤਿੰਨ ਸੀਪੀਆਈ (ਐਮ) ਵਰਕਰ, ਕਾਂਗਰਸ, ਭਾਜਪਾ ਅਤੇ ਆਈਐਸਐਫ ਦਾ ਇੱਕ-ਇੱਕ ਵਰਕਰ ਅਤੇ ਇੱਕ ਆਜ਼ਾਦ ਉਮੀਦਵਾਰ ਦਾ ਇੱਕ ਪੋਲਿੰਗ ਏਜੰਟ ਸ਼ਾਮਲ ਹੈ। ਪੱਛਮੀ ਬੰਗਾਲ (West Bengal) ‘ਚ 9 ਜੂਨ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ। ਸਮਾਚਾਰ ਏਜੰਸੀ ਪੀਟੀਆਈ ਮੁਤਾਬਕ 2003 ਵਿੱਚ ਪੰਚਾਇਤੀ ਚੋਣਾਂ ਵਿੱਚ 76, 2013 ਵਿੱਚ 39 ਅਤੇ 2018 ਵਿੱਚ 30 ਮੌਤਾਂ ਹੋਈਆਂ ਸਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਸਾ ਦੀਆਂ ਘਟਨਾਵਾਂ ਬਾਰੇ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜ਼ੂਮਦਾਰ ਨਾਲ ਵੀ ਗੱਲਬਾਤ ਕੀਤੀ ਅਤੇ ਵਰਕਰਾਂ ਦਾ ਹਾਲ-ਚਾਲ ਪੁੱਛਿਆ। ਇਸ ਦੇ ਨਾਲ ਹੀ ਨੰਦੀਗ੍ਰਾਮ ਤੋਂ ਭਾਜਪਾ ਵਿਧਾਇਕ ਸ਼ੁਭੇਂਦੂ ਅਧਿਕਾਰੀ ਨੇ ਕਿਹਾ ਕਿ ਬੰਗਾਲ ਸੜ ਰਿਹਾ ਹੈ। ਕੇਂਦਰ ਨੂੰ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨਾ ਚਾਹੀਦਾ ਹੈ।

Exit mobile version