ਚੰਡੀਗੜ੍ਹ 19 ਅਗਸਤ 2022: ਸੀਬੀਆਈ ਨੇ ਆਬਕਾਰੀ ਘੁਟਾਲੇ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਸਣੇ 15 ਜਣਿਆਂ ਖ਼ਿਲਾਫ ਛਾਪੇਮਾਰੀ ਤੋਂ ਦੋ ਦਿਨ ਪਹਿਲਾਂ 17 ਅਗਸਤ ਨੂੰ ਐਫਆਈਆਰ ਦਰਜ ਕੀਤੀ ਸੀ। ਐਫਆਈਆਰ ਵਿੱਚ ਕੁਝ ਸ਼ਰਾਬ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਜਾਂਚ ਏਜੰਸੀ ਐਫਆਈਆਰ ਵਿੱਚ ਕੁਝ ਹੋਰ ਵਿਅਕਤੀਆਂ ਦੇ ਨਾਂ ਵੀ ਸ਼ਾਮਲ ਕਰ ਸਕਦੀ ਹੈ।
ਸੀਬੀਆਈ (CBI) ਨੇ ਐਫਆਈਆਰ ਵਿੱਚ ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ, ਤਤਕਾਲੀ ਡਿਪਟੀ ਆਬਕਾਰੀ ਕਮਿਸ਼ਨਰ ਆਨੰਦ ਕੁਮਾਰ ਤਿਵਾਰੀ, ਸਹਾਇਕ ਆਬਕਾਰੀ ਕਮਿਸ਼ਨਰ ਪੰਕਜ ਭਟਨਾਗਰ, ਨੌਂ ਕਾਰੋਬਾਰੀਆਂ ਅਤੇ ਦੋ ਕੰਪਨੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਦੇ ਘਰ ਸਮੇਤ 21 ਥਾਵਾਂ ‘ਤੇ ਸੀਬੀਆਈ ਦੇ ਛਾਪੇਮਾਰੀ ਚੱਲ ਰਹੀ ਹੈ। ਜਾਂਚ ਏਜੰਸੀ ਸਵੇਰੇ 8.30 ਵਜੇ ਹੀ ਸਿਸੋਦੀਆ ਦੇ ਘਰ ਪਹੁੰਚੀ ਸੀ। ਉਦੋਂ ਤੋਂ ਸਰਕਾਰੀ ਰਿਹਾਇਸ਼ (ਏ ਵਿੰਗ ਦਿੱਲੀ ਸਕੱਤਰੇਤ) ਦੀ ਤਲਾਸ਼ੀ ਲਈ ਜਾ ਰਹੀ ਹੈ। ਅਧਿਕਾਰੀਆਂ ਨੇ ਉਸ ਦੇ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਫੋਨ ਅਤੇ ਲੈਪਟਾਪ ਜ਼ਬਤ ਕਰ ਲਏ ਹਨ।