ਨਵੀਂ ਦਿੱਲੀ, 09 ਸਤੰਬਰ 2024 (ਦਵਿੰਦਰ ਸਿੰਘ ): ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ਰੂਸੀ ਫੌਜ ਨੇ ਕਾਫੀ ਸਮਝਾਉਣ ਤੋਂ ਬਾਅਦ 15 ਭਾਰਤੀ ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ, ਜਿਨ੍ਹਾਂ ਨੂੰ ਛੇਤੀ ਹੀ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਇਨ੍ਹਾਂ ‘ਚੋਂ ਚਾਰ ਪੰਜਾਬ ਦੇ ਹਨ। ਉਨ੍ਹਾਂ ਦੇ 2/3 ਦਿਨਾਂ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ।
ਡਾ: ਸਾਹਨੀ ਨੇ ਕਿਹਾ ਕਿ ਉਹ ਮਾਰਚ 2024 ਤੋਂ ਰੂਸ ਸਥਿਤ ਭਾਰਤੀ ਦੂਤਾਵਾਸ ਅਤੇ ਨਵੀਂ ਦਿੱਲੀ ਸਥਿਤ ਰੂਸੀ ਦੂਤਾਵਾਸ ਕੋਲ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਂਦੇ ਆ ਰਹੇ ਹਨ। ਸਾਹਨੀ ਨੇ ਰਾਸ਼ਟਰਪਤੀ ਪੁਤਿਨ ਨਾਲ ਰੂਸ ਦੀ ਆਪਣੀ ਹਾਲੀਆ ਫੇਰੀ ਦੌਰਾਨ ਇਹ ਮੁੱਦਾ ਉਠਾਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ ।
ਡਾ: ਸਾਹਨੀ ਨੇ ਅੱਗੇ ਦੱਸਿਆ ਕਿ ਰੂਸੀ ਫੌਜ ‘ਚ ਭਰਤੀ ਹੋਏ ਕੁੱਲ 91 ਭਾਰਤੀ ਨੌਜਵਾਨਾਂ ‘ਚੋਂ 8 ਸ਼ਹੀਦ ਹੋ ਗਏ ਸਨ ਅਤੇ 15 ਨੂੰ ਹੁਣ ਵਾਪਸ ਭੇਜਿਆ ਜਾ ਰਿਹਾ ਹੈ ਅਤੇ ਬਾਕੀ 69 ਦੇ ਠੇਕੇ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਠੀਕ ਠਾਕ ਭਾਰਤ ਪਰਤਣਗੇ। ਡਾ: ਸਾਹਨੀ ਨੇ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਰੂਸ ‘ਚ ਫਸੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ‘ਚ ਹੈ |