ਫਾਜ਼ਿਲਕਾ, 22 ਅਪ੍ਰੈਲ 2024: ਫਾਜ਼ਿਲਕਾ (Fazilka) ਜ਼ਿਲ੍ਹੇ ਵਿਚ ਕਣਕ ਦੇ ਖਰੀਦ ਪ੍ਰਕ੍ਰਿਆ ਦੀ ਸਮੀਖਿਆ ਲਈ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਅੱਜ ਇੱਥੇ ਵੱਖ ਵੱਖ ਖਰੀਦ ਏਂਜਸੀਆਂ, ਆੜਤੀਆਂ, ਟਰਾਂਸਪੋਟਰਾਂ ਅਤੇ ਲੇਬਰ ਕੰਟਰੈਕਟਰਾਂ ਨਾਲ ਬੈਠਕ ਕੀਤੀ।ਬੈਠਕ ਵਿਚ ਐਸਐਸਪੀ ਡਾ: ਪ੍ਰਗਿਆ ਜੈਨ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ (Fazilka) ਵਿਚ ਬੀਤੀ ਸ਼ਾਮ ਤੱਕ 154630 ਮਿਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਅਤੇ ਇਸ ਵਿਚੋਂ 132596 ਮਿਟਿ੍ਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪਨਗ੍ਰੇਨ ਨੇ 37951 ਮਿਟ੍ਰਿਕ ਟਨ, ਮਾਰਕਫੈਡ ਨੇ 42445 ਮਿਟ੍ਰਿਕ ਟਨ, ਪਨਸਪ ਨੇ 31456 ਮਿਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਉਸਿੰਗ ਕਾਰਪੋਰੇਸ਼ਨ ਨੇ 16602 ਮਿਟ੍ਰਿਕ ਟਨ ਅਤੇ ਨਿੱਜੀ ਵਪਾਰੀਆਂ ਨੇ 4142 ਮਿਟਿ੍ਕ ਟਨ ਕਣਕ ਦੀ ਖਰੀਦ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 48 ਘੰਟੇ ਪਹਿਲਾਂ ਤੱਕ ਖਰੀਦੀ ਕਣਕ ਦੇ 105 ਕਰੋੜ ਦੀ ਅਦਾਇਗੀ ਕੀਤੀ ਜਾਣੀ ਬਣਦੀ ਸੀ, ਜਿਸਦੇ ਮੁਕਾਬਲੇ 140 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਹਦਾਇਤ ਕੀਤੀ ਕਿ ਜਿਆਦਾ ਤੋਂ ਜਿਆਦਾ ਕਣਕ ਦੀ ਲਿਫਟਿੰਗ ਕੀਤੀ ਜਾਵੇ ਅਤੇ ਮੰਡੀਆਂ ਵਿਚ ਸੁੱਕੀ ਕਣਕ ਹੀ ਲਿਆਂਦੀ ਜਾਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦੇ ਖਰੀਦ ਪ੍ਰਬੰਧਾਂ ਵਿਚ ਕਿਸੇ ਵੀ ਉਣਤਾਈ ਪਾਏ ਜਾਣ ਤੇ ਸਬੰਧਤ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੈਠਕ ਵਿਚ ਏਡੀਸੀ ਜਨਰਲ ਰਾਕੇਸ਼ ਕੁਮਾਰ ਪੋਪਲੀ, ਐਸਪੀ ਰਮਨੀਸ਼ ਚੌਧਰੀ, ਐਸਡੀਐਮ ਪੰਕਜ ਬਾਂਸਲ ਤੇ ਬਲਕਰਨ ਸਿੰਘ, ਡੀਐਫਐਸਸੀ ਹਿਮਾਂਸੂ ਕੁੱਕੜ, ਜ਼ਿਲ੍ਹਾ ਮੰਡੀ ਅਫ਼ਸਰ ਜਸਮੀਤ ਸਿੰਘ, ਡੀਐਮ ਮਾਰਕਫੈਡ ਵਿਪਨ ਕੁਮਾਰ, ਡੀਐਮ ਪਨਸਪ ਰਮਨ ਗੋਇਲ ਵੀ ਹਾਜਰ ਸਨ।