Site icon TheUnmute.com

ਪੰਜਾਬ ‘ਚ 2024 ਤੱਕ 12809 ਏਕੜ ਪੰਚਾਇਤੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ: ਤਰੁਨਪ੍ਰੀਤ ਸਿੰਘ ਸੌਂਦ

illegal Occupation

ਚੰਡੀਗੜ੍ਹ, 28 ਦਸੰਬਰ 2024: ਪੰਜਾਬ ਦੇ ਕੈਬਿਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 2024 ਦੌਰਾਨ ਕਈ ਅਹਿਮ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਇਸ ਸੰਬੰਧੀ ਵੇਰਵੇ ਵੀ ਸਾਂਝੇ ਕੀਤੇ ਹਨ|

ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ 2022 ‘ਚ ਸ਼ੁਰੂ ਕੀਤੀ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ (illegal Occupation)ਹਟਾਉਣ ਦੀ ਮੁਹਿੰਮ ਤਹਿਤ 2024 ਤੱਕ 12,809 ਏਕੜ ਪੰਚਾਇਤੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਅਤੇ ਇਨ੍ਹਾਂ ਜ਼ਮੀਨਾਂ ਨੂੰ ਪੰਚਾਇਤਾਂ ਦੇ ਹਵਾਲੇ ਕਰ ਦਿੱਤਾ |

ਪੰਜਾਬ ਸਰਕਾਰ ਮੁਤਾਬਕ ਨਜਾਇਜ਼ ਕਬਜ਼ਿਆਂ (illegal Occupation) ਤੋਂ ਮੁਕਤ ਕਰਵਾਈ ਇਸ ਜ਼ਮੀਨ ਦੀ ਬਾਜ਼ਾਰੀ ਕੀਮਤ 3,080 ਕਰੋੜ ਰੁਪਏ ਤੋਂ ਵੱਧ ਹੈ। ਇਸ ‘ਚੋਂ 2024-25 ਦੌਰਾਨ ਕਰੀਬ 6,000 ਏਕੜ ਜ਼ਮੀਨ ਚਕੌਤੇ ‘ਤੇ ਦੇਣ ’ਤੇ 10.76 ਕਰੋੜ ਰੁਪਏ ਦੀ ਸਾਲਾਨਾ ਆਮਦਨ ਪ੍ਰਾਪਤ ਹੋਈ ਹੈ। ਸੰਬੰਧਿਤ ਵਿਭਾਗ ਨੇ 2024-25 ਦੌਰਾਨ 1.36 ਲੱਖ ਏਕੜ ਸ਼ਾਮਲਾਟ ਜ਼ਮੀਨ 469 ਕਰੋੜ ਰੁਪਏ ‘ਚ ਨਿਲਾਮ ਕੀਤੀ। ਇਸੇ ਤਰ੍ਹਾਂ 2024-25 ਦੌਰਾਨ ਈ-ਨਿਲਾਮੀ ਰਾਹੀਂ ਪਸ਼ੂ ਮੇਲਿਆਂ ਨੂੰ ਲੀਜ਼ ‘ਤੇ ਲੈ ਕੇ 93.90 ਕਰੋੜ ਰੁਪਏ ਦੀ ਆਮਦਨ ਹੋਈ।

ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸੀਐੱਮ ਭਗਵੰਤ ਮਾਨ ਵੱਲੋਂ ਪਿੰਡਾਂ ‘ਚ ਲਾਇਬ੍ਰੇਰੀਆਂ (Libraries)ਸ਼ੁਰੂ ਕਰਨ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ 2024 ‘ਚ ਪਿੰਡ ਈਸੜੂ (ਖੰਨਾ) ਤੋਂ ਪੇਂਡੂ ਲਾਇਬ੍ਰੇਰੀ ਸਕੀਮ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਮਾਨ ਨੇ 15 ਅਗਸਤ ਨੂੰ ਖੁਦ ਇਸ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਅਤੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬ ‘ਚ 114 ਪੇਂਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 179 ਉਸਾਰੀ ਅਧੀਨ ਹਨ।

ਲੋਕਤੰਤਰ ਨੂੰ ਮਜ਼ਬੂਤ ​​ਕਰਨ ਲਈ 2024 ‘ਚ ਪੰਚਾਇਤੀ ਚੋਣਾਂ ਕਰਵਾਈਆਂ । ਤਰੁਨਪ੍ਰੀਤ ਸੌਂਦ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ 3,044 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਭਲਾਈ ਕੰਮਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਪਿੰਡਾਂ ‘ਚ ਬਣਾਏ ਗਏ ਸਵੈ-ਸਹਾਇਤਾ ਗਰੁੱਪਾਂ ਦੀ ਵਿੱਤੀ ਸਹਾਇਤਾ ਲਈ ਵਿਭਾਗ ਵੱਲੋਂ ਇਨ੍ਹਾਂ ਗਰੁੱਪਾਂ ਨੂੰ ਬੈਂਕਾਂ ਤੋਂ 94.35 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ ਹਨ। ਮਨਰੇਗਾ ਸਕੀਮ ਤਹਿਤ ਵਿੱਤੀ ਸਾਲ 2024-25 ‘ਚ ਹੁਣ ਤੱਕ 983.98 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ 2.15 ਕਰੋੜ ਰੁਪਏ ਦੇ ਮਨੁੱਖੀ ਦਿਹਾੜੀਆਂ ਪੈਦਾ ਕੀਤੀਆਂ ਹਨ |

ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2024-25 ਦੌਰਾਨ ਔਸਤਨ 7.02 ਲੱਖ ਪੇਂਡੂ ਪਰਿਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ, ਇਸ ਸਾਲ ਵਿਭਾਗ ਵੱਲੋਂ ਕੁੱਲ 95.03 ਲੱਖ ਬੂਟੇ ਲਗਾਏ ਗਏ । ਇਸ ਤੋਂ ਇਲਾਵਾ ਪਿੰਡਾਂ ‘ਚ ਕੁੱਲ 2461 ਖੇਡ ਮੈਦਾਨਾਂ ਬਣਾਏ ਅਤੇ 1623 ਖੇਡ ਮੈਦਾਨ ਉਸਾਰੀ ਅਧੀਨ ਹਨ |

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਤਹਿਤ ਚਾਲੂ ਵਿੱਤੀ ਸਾਲ ਦੌਰਾਨ ਕੁੱਲ 5166 ਮਕਾਨਾਂ ਦਾ ਨਿਰਮਾਣ ਕੀਤਾ ਹੈ, ਜਿਸ ‘ਤੇ ਕੁੱਲ 62 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਚਾਲੂ ਵਿੱਤੀ ਸਾਲ ਦੇ ਅੰਤ ਤੱਕ ਕੁੱਲ 220 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 18,000 ਘਰ ਬਣਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2025-26 ‘ਚ ਹੋਰ 25,000 ਘਰ ਬਣਾਏ ਜਾਣਗੇ। ਇਸ ਸਕੀਮ ਤਹਿਤ ਨਵੇਂ ਲਾਭਪਾਤਰੀਆਂ ਨੂੰ ਜੋੜਨ ਲਈ 1 ਨਵੰਬਰ, 2024 ਤੋਂ ਨਵਾਂ ਸਰਵੇਖਣ ਕੀਤਾ ਜਾ ਰਿਹਾ ਹੈ, ਜਿਸ ਲਈ ਹਰੇਕ ਪਿੰਡ ‘ਚ ਇੱਕ ਵੱਖਰਾ ਸਰਵੇਅਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪੇਂਡੂ ਖੇਤਰ ਨੂੰ ਸੁੰਦਰ ਬਣਾਉਣ ਅਤੇ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵੀ ਕਈ ਯੋਜਨਾਵਾਂ ਤਹਿਤ ਕੰਮ ਕੀਤਾ ਜਾ ਰਿਹਾ ਹੈ।

Read More: ਡਾ. ਮਨਮੋਹਨ ਸਿੰਘ ਦਾ ਦਿਹਾਂਤ ਸਿੱਖ ਕੌਮ ਤੇ ਦੇਸ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ: ਹਰਚੰਦ ਸਿੰਘ ਬਰਸਟ

Exit mobile version