ਚੰਡੀਗੜ੍ਹ 10 ਸਤੰਬਰ 2022: ਪਾਕਿਸਤਾਨ (Pakistan) ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਪਾਕਿਸਤਾਨ ਦਾ ਇੱਕ ਤਿਹਾਈ ਹਿੱਸਾ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ। ਪਾਕਿਸਤਾਨ ਪਹਿਲਾਂ ਹੀ ਆਰਥਿਕ ਸੰਕਟ ਨੇ ਘੇਰਿਆ ਹੋਇਆ ਸੀ, ਉਪਰੋਂ ਹੜ੍ਹਾਂ ਨੇ ਮੁਸੀਬਤਾਂ ਵਧਾ ਹੋਰ ਦਿੱਤੀਆਂ ਹਨ। ਹਰ ਪਾਸੇ ਪਾਣੀ ਹੀ ਪਾਣੀ ਹੈ ਅਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਲੜ ਰਹੇ ਹਨ।
ਹੁਣ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਨੇ ਇਸ ਪਾਕਿਸਤਾਨ ਦੀ ਚਿੰਤਾ ਹੋਰ ਵੀ ਵਧਾ ਦਿੱਤੀ ਹੈ | ਰਿਪੋਰਟ ਮੁਤਾਬਕ ਪਾਕਿਸਤਾਨ ‘ਚ ਹੜ੍ਹਾਂ ਦੌਰਾਨ ਜਿਨ੍ਹਾਂ ਬੱਚਿਆਂ ਦਾ ਜਨਮ ਹੋਇਆ ਹੈ, ਉਨ੍ਹਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਦਰਅਸਲ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਲੋਕਾਂ ਨੂੰ ਰਾਹਤ ਕੈਂਪਾਂ ‘ਚ ਰੱਖਿਆ ਗਿਆ ਹੈ ਪਰ ਲੋੜੀਂਦੀਆਂ ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਦਾ ਵੀ ਜਿਊਣਾ ਮੁਸ਼ਕਲ ਹੋ ਗਿਆ ਹੈ। WHO ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਿੰਧ ਸੂਬੇ ‘ਚ ਸਿਹਤ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ।
ਇਸਦੇ ਨਾਲ ਹੀ ਪਾਕਿਸਤਾਨ ਵਿੱਚ 33 ਮਿਲੀਅਨ ਤੋਂ ਵੱਧ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਸਭ ਤੋਂ ਵੱਡੀ ਚਿੰਤਾ 12 ਲੱਖ ਗਰਭਵਤੀ ਔਰਤਾਂ ਬਾਰੇ ਹੈ, ਜੋ ਇਨ੍ਹੀਂ ਦਿਨੀਂ ਅਸਥਾਈ ਕੈਂਪਾਂ ਵਿੱਚ ਰਹਿ ਰਹੀਆਂ ਹਨ। ਪਾਕਿਸਤਾਨ ‘ਚ ਵਿਸ਼ਵ ਸਿਹਤ ਸੰਗਠਨ ਦੀ ਪ੍ਰਤੀਨਿਧੀ ਡਾ: ਪਾਲਿਤਾ ਗੁਣਰਤਨ ਮਹੀਪਾਲ ਨੇ ਦੱਸਿਆ ਕਿ ਹੜ੍ਹਾਂ ਕਾਰਨ ਕਰੀਬ 10 ਫੀਸਦੀ ਸਿਹਤ ਸੰਸਥਾਵਾਂ ਤਬਾਹ ਹੋ ਗਈਆਂ ਹਨ।
ਅਗਲੇ ਮਹੀਨੇ ਤੱਕ ਪਾਕਿਸਤਾਨ ਵਿੱਚ ਲਗਭਗ 70,000 ਔਰਤਾਂ ਨੂੰ ਬਿਨਾਂ ਡਾਕਟਰੀ ਸਹਾਇਤਾ ਦੇ ਬੱਚੇ ਨੂੰ ਜਨਮ ਦੇਣਾ ਹੋਵੇਗਾ। ਇਹ ਔਰਤਾਂ ਇਨ੍ਹੀਂ ਦਿਨੀਂ ਕੈਂਪਾਂ ਵਿੱਚ ਹਨ ਅਤੇ ਸਿਹਤ ਸਹਾਇਤਾ ਲਈ ਉਨ੍ਹਾਂ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ।
ਜਿਕਰਯੋਗ ਹੈ ਕਿ ਬੀਤੇ ਦਿਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ (António Guterres) ਅੱਜ ਦੋ ਦਿਨਾਂ ਦੌਰੇ ‘ਤੇ ਪਾਕਿਸਤਾਨ ਪਹੁੰਚੇ ਹਨ | ਇਸ ਦੌਰਾਨ ਉਨ੍ਹਾਂ ਨੇ ਦੁਨੀਆ ਦੇ ਹੋਰ ਦੇਸ਼ਾਂ ਨੂੰ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ”ਮੈਂ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਪਾਕਿਸਤਾਨੀ ਲੋਕਾਂ ਨਾਲ ਡੂੰਘੀ ਇਕਜੁੱਟਤਾ ਪ੍ਰਗਟ ਕਰਨ ਲਈ ਪਾਕਿਸਤਾਨ ਆਇਆ ਹਾਂ।