July 5, 2024 8:17 am
ਫ਼ਰੀਦਕੋਟ

ਫ਼ਰੀਦਕੋਟ ਤੋਂ ਲਾਪਤਾ 11 ਸਾਲਾ ਵਿਦਿਆਰਥੀ ਜ਼ੀਰਾ ਨੇੜਿਓਂ ਮਿਲਿਆ, ਪੁਲਿਸ ਨੇ ਪਰਿਵਾਰ ਹਵਾਲੇ ਕੀਤਾ

ਫ਼ਰੀਦਕੋਟ 09 ਦਸੰਬਰ 2022: ਫ਼ਰੀਦਕੋਟ ਦੇ ਕਾਨਵੈਂਟ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ 11 ਸਾਲਾ ਵਿਦਿਆਰਥੀ ਹਿੰਮਤ ਪ੍ਰੀਤ ਸਿੰਘ ਇੱਕ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਜਿਸ ਨੂੰ ਅੱਜ ਪੁਲਿਸ ਨੇ ਜ਼ੀਰਾ ਤੋਂ ਬਰਾਮਦ ਕਰ ਲਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਦੀ ਛੁੱਟੀ ਹੋਣ ਤੋਂ ਇੱਕ ਦਿਨ ਬਾਅਦ ਇਹ ਵਿਦਿਆਰਥੀ ਸਾਈਕਲ ਰਾਹੀਂ ਘਰ ਤੋਂ ਨਿਕਲਿਆ ਸੀ, ਪਰ ਸ਼ਾਮ ਤੱਕ ਘਰ ਨਹੀਂ ਪਹੁੰਚਿਆ। ਪਰਿਵਾਰ ਨੇ ਪਹਿਲਾਂ ਆਪਣੇ ਪੱਧਰ ‘ਤੇ ਬੱਚੇ ਦੀ ਭਾਲ ਕੀਤੀ ਅਤੇ ਦੇਰ ਸ਼ਾਮ ਪੁਲਿਸ ਨੂੰ ਸੂਚਨਾ ਦਿੱਤੀ। ਅੱਜ ਪੁਲਿਸ ਨੂੰ ਜ਼ੀਰਾ ਤੋਂ ਬੱਚੇ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਬੱਚੇ ਨੂੰ ਫ਼ਰੀਦਕੋਟ ਲਿਆਂਦਾ ਅਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ।

ਇਸ ਮਾਮਲੇ ਵਿੱਚ ਡੀਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਸਾਈਕਲ ’ਤੇ ਨੈਸ਼ਨਲ ਹਾਈਵੇ ਤੋਂ ਅੰਮ੍ਰਿਤਸਰ ਜਾ ਰਿਹਾ ਸੀ। ਰਾਤ ਸਮੇਂ ਜ਼ੀਰਾ ਨੇੜੇ ਇਕ ਵਿਅਕਤੀ ਨੇ ਉਸ ਨੂੰ ਰੋਕ ਲਿਆ ਅਤੇ ਸਵੇਰੇ ਫ਼ਰੀਦਕੋਟ ਪੁਲਿਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਦੇ ਕਾਰਨਾਂ ਬਾਰੇ ਪਰਿਵਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ | ਦੂਜੇ ਪਾਸੇ ਬੱਚੇ ਦੇ ਦਾਦਾ ਸੋਹਣ ਸਿੰਘ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ।