Site icon TheUnmute.com

ਹੋਲੇ-ਮਹੱਲੇ ਮੌਕੇ ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ 10ਵੇਂ ਵਿਰਸਾ ਸੰਭਾਲ ਗੱਤਕਾ ਮੁਕਾਬਲੇ

ਹੋਲੇ-ਮਹੱਲੇ

ਸ੍ਰੀ ਅਨੰਦਪੁਰ ਸਾਹਿਬ 25 ਮਾਰਚ 2024: ਹੋਲੇ-ਮਹੱਲੇ ਦਾ ਪਵਿੱਤਰ ਦਿਹਾੜਾ ਸਿੱਖਾਂ ਅੰਦਰ ਜ਼ਬਰ-ਜ਼ੁਲਮ ਵਿਰੁੱਧ ਜੂਝਣ, ਭਗਤੀ, ਸ਼ਕਤੀ ਅਤੇ ਉੱਚੇ-ਸੁੱਚੇ ਮਨੁੱਖੀ ਆਦਰਸ਼ ਅਪਨਾਉਣ ਲਈ ਨਵਾਂ ਜੋਸ਼ ਅਤੇ ਉਤਸ਼ਾਹ ਭਰਦਾ ਹੈ। ਅਜੋਕੇ ਦੌਰ ਵਿੱਚ ਗੁਰਸਿੱਖੀ ਅਤੇ ਵਿਰਸੇ ਦੀ ਸੰਭਾਲ ਲਈ ਗੱਤਕਾ ਖੇਡ ਲੜਕਿਆਂ ਖਾਸ ਕਰਕੇ ਲੜਕੀਆਂ ਲਈ ਸਵੈ-ਰੱਖਿਆ ਦਾ ਬਿਹਤਰ, ਸੁਖਾਲਾ ਅਤੇ ਸਸਤਾ ਬਦਲ ਹੈ ਜਿਸ ਨਾਲ ਖਿਡਾਰੀਆਂ ਲਈ ਤੰਦਰੁਸਤੀ ਅਤੇ ਨਿਰਭਓ ਹੋ ਕੇ ਜਿੰਦਗੀ ਜਿਉਣ ਦਾ ਮੌਕਾ ਪ੍ਰਦਾਨ ਹੁੰਦਾ ਹੈ।

ਇਹ ਪ੍ਰਗਟਾਵਾ ਇੱਥੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ, ਸੰਯੁਕਤ ਡਾਇਰੈਕਟਰ, ਲੋਕ ਸੰਪਰਕ ਵਿਭਾਗ ਪੰਜਾਬ ਨੇ ਕੌਂਸਲ ਵੱਲੋਂ ਆਰੰਭੀ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਲੜੀ ਤਹਿਤ ਖਾਲਸੇ ਦੇ ਇਤਿਹਾਸਕ ਕੌਮੀ ਉਤਸਵ ਹੋਲੇ-ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ 10ਵਾਂ ਵਿਰਸਾ ਸੰਭਾਲ ਹੋਲਾ-ਮਹੱਲਾ ਗੱਤਕਾ ਕੱਪ-2024 ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਉਨਾਂ ਨਾਲ ਬਾਬਾ ਸ਼ੇਰ ਸਿੰਘ ਚੱਕ ਮਾਹੋਰਾਣਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਅਤੇ ਗੱਤਕਾ ਐਸੋਸੀਏਸਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਾ ਵੀ ਹਾਜਰ ਸਨ।

ਇਸ ਮੌਕੇ ਸੁਖਚੈਨ ਸਿੰਘ ਕਲਸਾਣੀ ਨੇ ਸਿੱਖ ਸ਼ਸਤਰ ਵਿੱਦਿਆ ਕੌਂਸਲ ਵੱਲੋਂ ਅਰੰਭੀ ‘ਵਿਰਸਾ ਸੰਭਾਲ ਸ਼ਸਤਰ ਵਿੱਦਿਆ ਲਹਿਰ‘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਦੋਂ ਅੱਜ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਤਾਂ ਉਸ ਸਮੇਂ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਹੋਲੇ-ਮਹੱਲੇ ਦਾ ਤਿਉਹਾਰ ਅਤੇ ਅਜਿਹੇ ਵਿਰਸਾ ਸੰਭਾਲ ਮੁਕਾਬਲੇ ਪ੍ਰੇਰਨਾ ਸਰੋਤ ਬਣਦੇ ਹਨ।

ਗੱਤਕਾ ਐਸੋਸੀਏਸਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਗਲੋਬਲ ਸਿੱਖ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਇਹ ਵਿਰਾਸਤੀ ਸ਼ਸਤਰ ਵਿੱਦਿਆ ਅਤੇ ਜੰਗਜੂ ਖੇਡ ਗੱਤਕੇ ਮੁਕਾਬਲੇ ਪੂਰੇ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋਏ ਜਿਸ ਵਿੱਚ ਵੱਖ-ਵੱਖ ਜਿਲ੍ਹਿਆਂ ਅਤੇ ਰਾਜਾਂ ਤੋਂ ਪਹੁੰਚੇ ਚੋਟੀ ਦੇ ਅਖਾੜਿਆਂ ਨੇ ਖੰਡੇ, ਢਾਲਾਂ-ਤਲਵਾਰਾਂ, ਨੇਜਿਆਂ, ਬਰਛਿਆਂ, ਡਾਂਗਾਂ ਅਤੇ ਚੱਕਰ ਚਲਾ ਕੇ ਜੰਗਜੂ ਕਰਤਬ ਦਿਖਾਏ ਅਤੇ ਦਰਸ਼ਕਾਂ ਨੂੰ ਦੰਦ ਜੋੜਨ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਵਿਰਸਾ ਸੰਭਾਲ ਸ਼ਸਤਰ ਵਿੱਦਿਆ ਅਤੇ ਗੱਤਕਾ ਮੁਕਾਬਲਿਆਂ ਦੀ ਲੜੀ ਪੂਰੇ ਦੇਸ਼ ਵਿੱਚ ਜਾਰੀ ਰਹੇਗੀ।

ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਇਹ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਅਤੇ ਕੁਰਹਿਤਾਂ ਤੋਂ ਦੂਰ ਰੱਖਣ, ਤੰਦਰੁਸਤ ਜੀਵਨ ਜਿਉਣ, ਵਿਰਸੇ ਅਤੇ ਬਾਣੀ-ਬਾਣੇ ਨਾਲ ਜੋੜਨਾ ਹੈ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਸਿੱਖ ਆਪਣੇ ਵਿਰਸੇ ਨੂੰ ਅਪਣਾਵੇ ਅਤੇ ਸ਼ਸਤਰ ਵਿੱਦਿਆ ਵਿਚ ਨਿਪੁੰਨ ਹੋਵੇ।

ਖਾਲਸੇ ਦੀ ਆਨ, ਬਾਨ ਤੇ ਸ਼ਾਨ ਦਾ ਪ੍ਰਤੀਕ ਇੰਨਾਂ ਗੱਤਕਾ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਕੁੱਲ 10 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਗੱਤਕਾ ਪ੍ਰਦਰਸ਼ਨੀ ਮੁਕਾਬਿਲਆਂ ਵਿੱਚ ਖਾਲਸਾ ਗੱਤਕਾ ਅਕੈਡਮੀ ਹਰਿਆਣਾ, ਨੈਸ਼ਨਲ ਕਲਗੀਧਰ ਗੱਤਕਾ ਅਖਾੜਾ ਭਾਂਬਰੀ, ਫ਼ਤਿਹਗੜ੍ਹ ਸਾਹਿਬ, ਬਾਬਾ ਜੀਵਨ ਸਿੰਘ ਗੱਤਕਾ ਅਖਾੜਾ ਮੋਰਿੰਡਾ, ਰੋਪੜ, ਪ੍ਰਥਮ ਸਹਾਏ ਗੱਤਕਾ ਅਖਾੜਾ ਲੁਧਿਆਣਾ, ਮੀਰੀ-ਪੀਰੀ ਗੱਤਕਾ ਅਖਾੜਾ ਘਨੌਲੀ, ਰੋਪੜ, ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਗੱਤਕਾ ਅਖਾੜਾ ਸਮਰਾਲਾ, ਬਾਬਾ ਸ਼ਾਦੀ ਸਿੰਘ ਗੱਤਕਾ ਅਖਾੜਾ ਬਜੀਦਪੁਰ, ਰੋਪੜ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੱਤਕਾ ਅਖਾੜਾ ਰਡਿਆਲਾ, ਮੁਹਾਲੀ, ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਰੋਪੜ, ਸ਼ਹੀਦਾਂ ਸਿੰਘਾਂ ਗੱਤਕਾ ਅਖਾੜਾ ਨਵਾਂ ਸ਼ਹਿਰ, ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਤਿਊੜ, ਮੁਹਾਲੀ ਦੇ ਗੱਤਕੇਬਾਜ਼ ਲੜਕੇ ਅਤੇ ਲੜਕੀਆਂ ਨੇ ਯੁੱਧ ਕਲਾ ਦੇ ਜੌਹਰ ਦਿਖਾਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੱਤਕਾ ਐਸੋਸੀਏਸ਼ਨ ਦਿੱਲੀ ਦੇ ਪ੍ਰਧਾਨ ਗੁਰਮੀਤ ਸਿੰਘ ਰਾਣਾ, ਇਸਮਾ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਨੈਸ਼ਨਲ ਕੋਆਰਡੀਨੇਟਰ ਯੋਗਰਾਜ ਸਿੰਘ, ਬਲਜੀਤ ਸਿੰਘ ਬੱਲੀ ਬਟਾਲਾ, ਜ਼ਿਲ੍ਹਾ ਰੂਪਨਗਰ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਕਾਕੂ, ਵਿੱਤ ਸਕੱਤਰ ਜਸਪ੍ਰੀਤ ਸਿੰਘ, ਬਾਜ ਖ਼ਾਲਸਾ ਗੱਤਕਾ ਅਖਾੜੇ ਦੇ ਮੁਖੀ ਗੁਰਪ੍ਰੀਤ ਸਿੰਘ ਰੋਪੜ, ਸਰਬਜੀਤ ਸਿੰਘ ਅਨੰਦਪੁਰ ਸਾਹਿਬ, ਰਵਿੰਦਰਪਾਲ ਸਿੰਘ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ, ਜਸਬੀਰ ਸਿੰਘ ਜੱਸੀ ਬਟਾਲਾ, ਸੰਤੋਖ ਸਿੰਘ ਅਨੰਦਪੁਰ ਸਾਹਿਬ ਆਦਿ ਵੀ ਹਾਜ਼ਰ ਸਨ।

Exit mobile version