ਚੰਡੀਗੜ੍ਹ, 28 ਨਵੰਬਰ 2023: ਯੂਕਰੇਨ (Ukraine) ‘ਚ ਮੰਗਲਵਾਰ ਸਵੇਰੇ ਭਾਰੀ ਬਰਫ਼ਬਾਰੀ ਅਤੇ ਆਏ ਭਿਆਨਕ ਤੂਫਾਨ ‘ਚ 10 ਜਣਿਆਂ ਦੀ ਮੌਤ ਹੋ ਗਈ। ਇਸ ਦੌਰਾਨ ਦੋ ਬੱਚਿਆਂ ਸਮੇਤ 23 ਹੋਰ ਜ਼ਖ਼ਮੀ ਹੋ ਗਏ। ‘ਕੀਵ ਇੰਡੀਪੈਂਡੈਂਟ’ ਅਖਬਾਰ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਕਾਲੇ ਸਾਗਰ ਦੇ ਉੱਤਰੀ ਤੱਟ ‘ਤੇ ਸਥਿਤ ਓਡੇਸਾ ਖੇਤਰ, ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਸੀ। ਇੱਥੇ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਇਸ ਦੌਰਾਨ, ਐਮਰਜੈਂਸੀ ਸੇਵਾਵਾਂ ਨੇ ਓਡੇਸਾ ਖੇਤਰ ਵਿੱਚ 2,498 ਜਣਿਆਂ ਨੂੰ ਸਹਾਇਤਾ ਪ੍ਰਦਾਨ ਕੀਤੀ, ਜਿਨ੍ਹਾਂ ਵਿੱਚ 162 ਬੱਚੇ ਸ਼ਾਮਲ ਹਨ |
ਮੰਤਰੀ ਮੁਤਾਬਕ ਮਾਈਕੋਲਾਈਵ ਖੇਤਰ ‘ਚ ਦੋ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਜ਼ਖਮੀ ਹੋਏ ਹਨ। ‘ਕੀਵ ਇੰਡੀਪੈਂਡੈਂਟ‘ ਦੀ ਖਬਰ ਮੁਤਾਬਕ ਬਾਕੀ ਮਰਨ ਵਾਲਿਆਂ ਦੀ ਮੌਤ ਕੀਵ ਅਤੇ ਖਾਰਕਿਵ ਖੇਤਰ ‘ਚ ਹੋਈ ਹੈ।