Site icon TheUnmute.com

10 ਜੂਨ 1957: ਨਵੀ ਕਾਵਿ ਜੁਗਤ ਦੇ ਮਹਾਂ ਕਵੀ ਭਾਈ ਵੀਰ ਸਿੰਘ ਜੀ ਦੀ 66ਵੀਂ ਬਰਸੀ ‘ਤੇ…

Bhai Vir Singh

ਲਿਖਾਰੀ
ਗੁਰਭਜਨ ਗਿੱਲ

ਯੁਗ ਕਵੀ ਭਾਈ ਵੀਰ ਸਿੰਘ ਜੀ 66ਸਾਲ ਪਹਿਲਾਂ ਅੱਜ ਦੇ ਦਿਨ ਵਿੱਛੜੇ ਸਨ। ਅੱਜ 10 ਜੂਨ ਹੈ। ਨਵੀ ਕਾਵਿ ਜੁਗਤ ਦੇ ਮਹਾਂ ਕਵੀ ਭਾਈ ਵੀਰ ਸਿੰਘ (BhaiVir Singh) ਜੀ ਦੀ 66ਵੀਂ ਬਰਸੀ। ਭਾਈ ਵੀਰ ਸਿੰਘ ਜੀ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਨ੍ਹਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਨ੍ਹਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ। ਆਪ ਜੀ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਚ ਹੋਇਆ ਤੇ
ਮੌਤ 10 ਜੂਨ 1957 ਨੂੰ ਅੰਮ੍ਰਿਤਸਰ ਵਿੱਚ ਹੀ ਹੋਈ।

ਨਾਵਲ

ਸੁੰਦਰੀ”(1898), ਬਿਜੈ ਸਿੰਘ (1899), ਸਤਵੰਤ ਕੌਰ,”ਰਾਣਾ ਸੂਰਤ ਸਿੰਘ” (1905) ਲਿਖੇ। ਪਹਿਲਾ ਸਾਹਿਤ ਅਕਾਦਮੀ ਪੁਰਸਕਾਰ 1955(ਮੇਰੇ ਸਾਈਆ ਜੀਓ)ਨੂੰ ਮਿਲਿਆ ਅਤੇ ਪਦਮ ਭੂਸ਼ਨ ਸਨਮਾਨ 1956 ਵਿੱਚ ਮਿਲਿਆ।
ਭਾਈ ਵੀਰ ਸਿੰਘ ਦੀਆਂ ਸਾਹਿਤਕ ਸੇਵਾਵਾਂ ਨੂੰ ਮੁੱਖ ਰੱਖ ਕੇ ਪੰਜਾਬ ਯੁਨੀਵਰਸਿਟੀ ਨੇ ਉਹਨਾਂ ਨੂੰ 1949 ਵਿੱਚ ਡਾਕਟਰ ਆਫ ਉਰੀਐਂਟਲ ਲਰਨਿੰਗ ਦੀ ਡਿਗਰੀ ਭੇਂਟ ਕੀਤੀ। 1952 ਵਿੱਚ ਆਪ ਜੀ ਨੂੰ ਪੰਜਾਬ ਵਿਧਾਨ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ।
1950 ਵਿੱਚ ਭਾਈ ਵੀਰ ਸਿੰਘ ਨੂੰ ਵਿੱਦਿਅਕ ਕਾਨਫਰੰਸ ਵਿੱਚ ਅਭਿਨੰਦਨ ਗ੍ਰੰਥ ਭੇਂਟ ਕੀਤਾ ਗਿਆ।

ਭਾਈ ਸਾਹਿਬ ਨੇ ਆਧੁਨਿਕ ਕਵੀ ਹੋਣ ਤੇ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਸੀ ਕੀਤਾ। ਉਸ ਦੀਆਂ ਕੁਝ ਆਰੰਭਿਕ ਰਚਨਾਵਾਂ ਜਿਵੇਂ ਨਨਾਣ ਭਰਜਾਈ ਸਿਖਿਆਦਾਇਕ ਵਾਰਤਾਲਾਪ ਅਤੇ ਭਰਥਰੀ ਹਰੀ ਦਾ ‘ਨੀਤੀ ਸ਼ਤਕ’ (ਅਨੁਵਾਦ) ਨਿਰੋਲ ਪਰੰਪਰਾਗਤ ਰੂਪ ਤੇ ਸ਼ੈਲੀ ਦੀ ਗਵਾਹੀ ਭਰਦੇ ਹਨ। ਇਹਨਾਂ ਵਿੱਚ ਸੁਧਾਰਵਾਦੀ ਤੇ ਉਪਦੇਸ਼ਾਤਮਕ ਰੁਚੀ ਪ੍ਰਧਾਨ ਹੈ। ਦੋਹਾਂ ਵਿੱਚ ਬੈਂਤ ਛੰਦ ਦੀ ਵਰਤੋਂ ਹੈ।

ਭਾਈ ਵੀਰ ਸਿੰਘ (BhaiVir Singh) ਨੇ ਅਧੁਨਿਕ ਕਵਿਤਾ ਵਜੋਂ 1905 ਵਿੱਚ ਰਚੇ ਆਪਣੇ ਮਹਾਂ ਕਾਵਿ ‘ਰਾਣਾ ਸੂਰਤ ਸਿੰਘ’ ਨਾਲ ਪ੍ਰਵੇਸ਼ ਕੀਤਾ। ਇਸ ਵਿੱਚ ਪਹਿਲੀ ਵਾਰ ਕਥਾ ਵਸਤੂ ਲਈ ਕਿੱਸਾ ਕਾਵਿ ਦੀ ਪਰੰਪਰਾ ਦਾ ਤਿਆਗ ਕਰ ਕੇ ਇਸ ਮਹਾਂ ਕਾਵਿ ਦੀ ਪਰੰਪਰਾ ਨਾਲ ਜੋੜਿਆ ਗਿਆ ਹੈ। ਇਸ ਵਿੱਚ ਸਾਂਤ ਰਸ ਲਈ ਸਿਰਖੰਡੀ ਛੰਦ ਦੀ ਵਰਤੋਂ ਕੀਤੀ ਗਈ ਹੈ ਦਰਸ਼ਨਿਕ ਆਦਰਸ਼ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਗਿਆ ਹੈ। ਉਨ੍ਹਾਂ ਦਾ ਅਧਾਰ ਗੁਰਮਤਿ ਦਰਸ਼ਨ ਹੈ। ਰਾਣਾ ਸੂਰਤ ਸਿੰਘ ਦੀ ਕੌਮੀ ਯੁੱਧ ਵਿੱਚ ਸ਼ਹੀਦੀ ਪਿੱਛੋਂ ਉਸ ਦੀ ਪਤਨੀ ਰਾਣੀ ਰਾਜ ਕੌਰ ਉਸ ਦੇ ਵਿਛੋੜੇ ਵਿੱਚ ਵਿਆਕੁਲ ਹੋਈ ਤੜਫਦੀ ਹੈ। ਇਸ ਦਰਦ ਨੂੰ ਮਿਟਾਉਣ ਲਈ ਯਤਨ ਕੀਤੇ ਜਾਂਦੇ ਹਨ ਪਰ ਅੰਤ ਗੁਰਮਤਿ ਦਾ ਹੀ ਸਹਾਰਾ ਉਸਨੂੰ ਆਤਮਿਕ ਸੁੱਖ ਦਿੰਦਾ ਹੈ। ਇਸ ਵਿੱਚ ਕੁਦਰਤ ਦਾ ਵਰਨਣ ਕਾਫੀ ਅਦਭੁੱਤ ਹੈ।

ਭਾਈ ਵੀਰ ਸਿੰਘ ਜੀ ਦੀਆਂ ਛੋਟੀਆਂ ਕਵਿਤਾਵਾਂ ਵਿੱਚ ਵਿਸ਼ੇ ਦੇ ਰੂਪ ਦੀ ਕਾਫੀ ਵੰਨਗੀ ਮਿਲਦੀ ਹੈ। ਉਸ ਨੂੰ ਕੁਦਰਤ ਵਿੱਚ ਰੱਬ ਦਾ ਝਲਕਾਰਾ ਦਿਸਦਾ ਹੈ। ‘ਮਟਕ ਹੁਲਾਰੇ’ ਵਿੱਚ ਕਸ਼ਮੀਰ ਦੀ ਸੁੰਦਰਤਾ ਦਾ ਰੁਮਾਂਟਿਕ, ਰਸਮਈ ਤੇ ਰਹੱਸਮਈ ਵਰਨਣ ਹੈ।ਭਾਈ ਵੀਰ ਸਿੰਘ ਜੀ ਪੰਜਾਬੀ ਵਿੱਚ ਪ੍ਰਗੀਤਕ ਕਵਿਤਾ ਦੇ ਮੋਢੀ ਹਨ।

ਨਮੂਨੇ ਵਜੋਂ:-

ਕੰਬਦੀ ਕਲਾਈ

ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ,
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸੀਸ ਨਿਵਾਯਾ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ।

ਫਿਰ ਲੜ ਫੜਨੇ ਨੂੰ ਉੱਠ ਦੌੜੇ
ਪਰ ਲੜ ਓ ‘ਬਿਜਲੀ-ਲਹਿਰਾ’,
ਉਡਦਾ ਜਾਂਦਾ ਪਰ ਉਹ ਆਪਣੀ
ਛੁਹ ਸਾਨੂੰ ਗਯਾ ਲਾਈ;

ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂਆਂ ਵਿੱਚ ਲਿਸ਼ਕੇ
ਬਿਜਲੀ ਕੂੰਦ ਗਈ ਥਰਰਾਂਦੀ,
ਹੁਣ ਚਕਾਚੌਂਧ ਹੈ ਛਾਈ!

ਚਸ਼ਮਾ ਇੱਛਾਬਲ ਤੇ ਡੂੰਘੀਆਂ ਸ਼ਾਮਾਂ

ਪ੍ਰਸ਼ਨ

ਸੰਝ ਹੋਈ ਪਰਛਾਵੇਂ ਛੁਪ ਗਏ
ਕਿਉਂ ਇੱਛਾਬਲ ਤੂੰ ਜਾਰੀ ?
ਨੈਂ ਸਰੋਦ ਕਰ ਰਹੀ ਉਵੇਂ ਹੀ
ਤੇ ਟੁਰਨੋਂ ਵੀ ਨਹਿੰ ਹਾਰੀ,
ਸੈਲਾਨੀ ਤੇ ਪੰਛੀ ਮਾਲੀ
ਹਨ ਸਭ ਅਰਾਮ ਵਿਚ ਆਏ,
ਸਹਿਮ ਸਵਾਦਲਾ ਛਾ ਰਿਹਾ ਸਾਰੇ
ਤੇ ਕੁਦਰਤ ਟਿਕ ਗਈ ਸਾਰੀ ।

ਚਸ਼ਮੇ ਦਾ ਉੱਤਰ

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓਹ ਕਰ ਅਰਾਮ ਨਹੀਂ ਬਹਿੰਦੇ ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ
ਓਹ ਦਿਨੇ ਰਾਤ ਪਏ ਵਹਿੰਦੇ ।
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ,-
ਵਸਲੋਂ ਉਰੇ ਮੁਕਾਮ ਨ ਕੋਈ,
ਸੋ ਚਾਲ ਪਏ ਨਿਤ ਰਹਿੰਦੇ ।

ਨਮਨ ਹੈ ਵੱਡਪੁਰਖੇ ਨੂੰ।

 

Exit mobile version